
ਦੇਸ਼ ਦੇ ਸਾਰੇ ਮੁੱਖ ਬੈਂਕਾਂ ਨੂੰ ਭੇਜ ਦਿੱਤਾ ਗਿਆ ਪ੍ਰਸਤਾਵ
ਬੈਂਕਾਂ ਦੇ ਗਾਹਕਾਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਸਾਮਹਨੇ ਆਈ ਹੈ। ਹੁਣ ਇੱਕ ਬੈਂਕ ਦੇ ਗਾਹਕ ਦੂਜੇ ਬੈਂਕ ਦੀ ਸ਼ਾਖ਼ਾ ਜਾਂ ਏਟੀਐੱਮ (ATM) ’ਚ ਵੀ ਕੈਸ਼ ਜਮ੍ਹਾ ਕਰਵਾ ਸਕਣਗੇ ਤੇ ਉਹ ਜਮ੍ਹਾ ਉਨ੍ਹਾਂ ਦੇ ਆਪਣੇ ਖਾਤੇ ਵਿੱਚ ਹੀ ਹੋਵੇਗਾ। ਇਸ ਸਹੂਲਤ ਲਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆੱਫ਼ ਇੰਡੀਆ (NPCI) ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਦੇਸ਼ ਦੇ ਸਾਰੇ ਮੁੱਖ ਬੈਂਕਾਂ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ।
File
ਬੈਂਕਾਂ ਦੇ ਗਾਹਕਾਂ ਨੂੰ ਇਹ ਸਹੂਲਤ ਨੈਸ਼ਨਲ ਫ਼ਾਈਨੈਂਸ਼ੀਅਲ ਸਵਿੱਚ ਰਾਹੀਂ ਮਿਲੇਗੀ। ਯੂਨੀਫ਼ਾਈਡ ਪੇਮੈਂਟ ਇੰਟਰਫ਼ੇਸ (UPI) ਨੂੰ ਵੀ ਇੰਝ ਹੀ ਲਾਗੂ ਕੀਤਾ ਗਿਆ ਸੀ। ਇਹ ਨਵੀਂ ਤਕਨੀਕ ਬੈਂਕਿੰਗ ਟੈਕਨਾਲੋਜੀ ਵਿਕਾਸ ਤੇ ਖੋਜ ਸੰਸਥਾਨ (IEDBRT) ਨੇ ਤਿਆਰ ਕੀਤੀ ਹੈ। ਇਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਨਕਦ ਲੈਣ–ਦੇਣ ਦੀ ਲਾਗਤ ਵਿੱਚ ਬਹੁਤ ਕਮੀ ਆਵੇਗੀ ਤੇ ਇਸ ਦਾ ਲਾਭ ਸਮੁੱਚੀ ਬੈਂਕਿੰਗ ਪ੍ਰਣਾਲੀ ਨੂੰ ਮਿਲੇਗਾ।
File
ATM ’ਚ ਕੈਸ਼ ਭਾਵ ਨਕਦੀ ਜਮ੍ਹਾ ਹੋਣ ਨਾਲ ਬੈਂਕ ਦੇ ਨਾਲ ਹੀ ਗਾਹਕਾਂ ਨੂੰ ਵੀ ਲਾਭ ਹੋਵੇਗਾ। ਜੋ ਪੈਸਾ ATM ’ਚ ਜਮ੍ਹਾ ਹੋਵੇਗਾ; ਉਸ ਦੀ ਵਰਤੋਂ ਪੈਸੇ ਕਢਵਾਉਣ ਲਈ ਵੀ ਕੀਤੀ ਜਾ ਸਕੇਗੀ। ਇੰਝ ਬੈਂਕਾਂ ਨੂੰ ਮਸ਼ੀਨ ’ਚ ਵਾਰ–ਵਾਰ ਕੈਸ਼ ਨਹੀਂ ਪਾਉਣਾ ਪਵੇਗਾ। NPCI ਨੇ ਸਾਰੇ ਮੁੱਖ ਨਿਜੀ ਤੇ ਸਰਕਾਰੀ ਬੈਂਕਾਂ ਨੂੰ ਇੰਝ ਕਰਨ ਲਈ ਆਖਿਆ ਹੈ। ਬੈਂਕਾਂ ਨੂੰ ਇਸ ਸਹੂਲਤ ਨਾਲ ਜੁੜਨ ਲਈ ਕਈ ਗੱਲਾਂ ਦਾ ਖਿ਼ਆਲ ਰੱਖਣਾ ਪਵੇਗਾ।
File
ਜਿਵੇਂ ਕਿ ਨਕਲੀ ਨੋਟਾਂ ਦੀ ਸ਼ਨਾਖ਼ਤ ਕਰਨਾ ਤੇ ਉਨ੍ਹਾਂ ਨੂੰ ਮਸ਼ੀਨ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਲਾਗੂ ਕਰਨੀ ਹੋਵੇਗੀ। ਇਸ ਯੋਜਨਾ ਦੇ ਪਹਿਲੇ ਗੇੜ ਦੌਰਾਨ 14 ਮੁੱਖ ਬੈਂਕਾਂ ਦੇ 30,000 ਤੋਂ ਵੱਧ ATMs ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ਲਈ ATM ਦੇ ਹਾਰਡਵੇਅਰ ਨੂੰ ਬਦਲਣ ਦੀ ਲੋੜ ਨਹੀਂ ਪਵੇਗੀ।
File
ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ SBI ਦਾ ਕੋਈ ਵੀ ਗਾਹਕ HDFC ਬੈਂਕ ਦੀ ਸ਼ਾਖਾ ਜਾਂ ATM ’ਚ ਜਾ ਕੇ ਪੈਸੇ ਆਪਣੇ ਖਾਤੇ ਵਿੱਚ ਜਮ੍ਹਾ ਕਰਵਾ ਸਕੇਗਾ। ਇਸ ਲਈ ਗਾਹਕ ਨੂੰ 10,000 ਰੁਪਏ ਤੱਕ ਦੀ ਰਕਮ ਜਮ੍ਹਾ ਕਰਵਾਉਣ ਲਈ 25 ਰੁਪਏ ਤੇ 10,000 ਰੁਪਏ ਤੋਂ ਵੱਧ ਰਕਮ ਜਮ੍ਹਾ ਕਰਵਾਉਣ ਲਈ 50 ਰੁਪਏ ਫ਼ੀਸ ਅਦਾ ਕਰਨੀ ਪਵੇਗੀ।