ਨਵ-ਵਿਆਹੁਤਾ ਨਿੱਕਲੀ 3 ਬੱਚਿਆਂ ਦੀ ਮਾਂ ਅਤੇ ਉਸ ਦੀ ਜਾਅਲੀ ਮਾਂ ਨਿੱਕਲੀ ਉਸ ਦੀ ਅਸਲ ਸੱਸ
ਜੀਂਦ - ਹਰਿਆਣਾ ਦੇ ਜੀਂਦ ਦੇ ਪਿੱਲੂਖੇੜਾ ਥਾਣਾ ਖੇਤਰ 'ਚ ਪੁਲਿਸ ਨੇ ਸਹੁਰਾ ਪਰਿਵਾਰ ਨੂੰ ਨਸ਼ੀਲਾ ਪਦਾਰਥ ਦੇ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੀ ਨਵ-ਵਿਆਹੀ ਲਾੜੀ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੀਲੂਖੇੜਾ ਥਾਣਾ ਇੰਚਾਰਜ ਹਰੀਓਮ ਨੇ ਦੱਸਿਆ ਕਿ ਪਿੱਲੂਖੇੜਾ ਪਿੰਡ ਦੇ ਸੁਰੇਸ਼ ਨੇ 3 ਫਰਵਰੀ ਨੂੰ ਜਾਉ ਨਗਰ ਦੀ ਰਹਿਣ ਵਾਲੀ ਗੀਤਾ ਨਾਲ ਉੱਤਰਾਖੰਡ 'ਚ ਵਿਆਹ ਕਰਵਾਇਆ ਸੀ, ਅਤੇ ਰਾਤ ਨੂੰ ਗੀਤਾ ਦੀ ਕਥਿਤ ਮਾਂ, ਭਰਾ ਅਤੇ ਕਾਰ ਚਾਲਕ ਮਨੋਜ ਨਾਲ 8 ਫਰਵਰੀ ਦੀ ਰਾਤ ਨੂੰ ਸੁਰੇਸ਼ ਦੇ ਘਰ ਪਹੁੰਚੇ ਸੀ।
ਪੁਲਿਸ ਨੇ ਦੱਸਿਆ ਕਿ ਰਾਤ ਨੂੰ ਗੀਤਾ ਨੇ ਆਪਣੇ ਪਤੀ ਸੁਰੇਸ਼, ਸਹੁਰਾ ਬੇਦ, ਸੱਸ ਖਜਾਨੀ ਦੀ ਚਾਹ 'ਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਤੋਂ ਬਾਅਦ ਗੀਤਾ ਅਤੇ ਉਸ ਦੇ ਸਾਥੀਆਂ ਨੇ ਘਰ 'ਚ ਲੁੱਟਮਾਰ ਸ਼ੁਰੂ ਕਰ ਦਿੱਤੀ।
ਪੁਲਿਸ ਅਨੁਸਾਰ ਅਚਾਨਕ ਉਸੇ ਸਮੇਂ ਸੁਰੇਸ਼ ਦੀ ਭੈਣ ਦਯਾਵਤੀ ਘਰ ਪਹੁੰਚੀ ਅਤੇ ਉਸ ਵੱਲੋਂ ਸ਼ੋਰ ਮਚਾਏ ਜਾਣ 'ਤੇ ਚਾਰੇ ਦੋਸ਼ੀ ਆਪਣੀ ਕਾਰ ਛੱਡ ਕੇ ਭੱਜ ਗਏ। ਦਯਾਵਤੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਗੀਤਾ ਸਮੇਤ ਚਾਰਾਂ ਖ਼ਿਲਾਫ਼ ਨਸ਼ੀਲੇ ਪਦਾਰਥ ਦੇਣ, ਲੁੱਟ ਦੀ ਕੋਸ਼ਿਸ਼ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ।
ਪੁਲਿਸ ਨੇ ਲਾੜੀ ਸਮੇਤ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਗੀਤਾ ਦਾ ਅਸਲੀ ਨਾਂ ਮੀਨਾ ਹੈ ਅਤੇ ਜਿਸ ਨੂੰ ਗੀਤਾ ਆਪਣੀ ਮਾਂ ਓਮਵਤੀ ਦੱਸ ਰਹੀ ਸੀ, ਉਹ ਉਸ ਦੀ ਸੱਸ ਹੈ ਤੇ ਉਸ ਦਾ ਅਸਲੀ ਨਾਂ ਰਾਜਕੁਮਾਰੀ ਹੈ।
ਥਾਣਾ ਮੁਖੀ ਮੁਤਾਬਕ ਗੀਤਾ ਜਿਸ ਨੂੰ ਆਪਣੇ ਭਰਾ ਨੂੰ ਲੱਕੀ ਕਹਿ ਕੇ ਬੁਲਾ ਰਹੀ ਸੀ, ਉਸ ਦਾ ਅਸਲੀ ਨਾਂ ਮੁਹੰਮਦ ਅਜਗਰ ਹੈ ਅਤੇ ਡਰਾਈਵਰ ਦਾ ਨਾਂ ਮਨੋਜ ਹੈ।
ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੀਨਾ ਉਰਫ਼ ਗੀਤਾ ਤਿੰਨ ਬੱਚਿਆਂ ਦੀ ਮਾਂ ਹੈ ਜੋ ਘਰਾਂ 'ਚ ਝਾੜੂ ਲਗਾਉਣ ਦਾ ਕੰਮ ਕਰਦੀ ਹੈ, ਅਤੇ ਉਸ ਦਾ ਪਤੀ ਜਿਉਂਦਾ ਹੈ ਜੋ ਮਜ਼ਦੂਰੀ ਕਰਦਾ ਹੈ।
ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।