ਵਿਆਹ ਦੇ ਡੇਢ ਸਾਲ ਅੰਦਰ ਹੀ 'ਅਸਧਾਰਨ ਹਾਲਾਤਾਂ' 'ਚ ਮ੍ਰਿਤਕ ਮਿਲੀ ਸੀ ਔਰਤ
ਨਵੀਂ ਦਿੱਲੀ - ਇੱਥੋਂ ਦੀ ਇੱਕ ਅਦਾਲਤ ਨੇ ਔਰਤ ਦੀ ਮੌਤ ਤੋਂ 15 ਸਾਲ ਬਾਅਦ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਚਾਰ ਲੋਕਾਂ ਨੂੰ ਦਾਜ ਕਾਰਨ ਮੌਤ ਅਤੇ ਬੇਰਹਿਮੀ ਦਾ ਦੋਸ਼ੀ ਠਹਿਰਾਇਆ ਹੈ।
ਅਦਾਲਤ ਵਿੱਚ ਮ੍ਰਿਤਕਾ ਦੇ ਪਤੀ ਪਵਨ ਕੁਮਾਰ, ਸੱਸ ਸਤਬੀਰੋ, ਸਹੁਰਾ ਕਪਤਾਨ ਸਿੰਘ ਅਤੇ ਜੀਜਾ ਦਲਜੀਤ ਸਿੰਘ ਖ਼ਿਲਾਫ਼ ਕੇਸ ਦੀ ਸੁਣਵਾਈ ਚੱਲ ਰਹੀ ਸੀ।
ਇਸਤਗਾਸਾ ਪੱਖ ਅਨੁਸਾਰ, ਭਾਰਤੀ ਆਪਣੇ ਵਿਆਹ ਦੇ ਲਗਭਗ ਡੇਢ ਸਾਲ ਦੇ ਅੰਦਰ ਹੀ 3 ਅਕਤੂਬਰ 2007 ਨੂੰ 'ਅਸਾਧਾਰਨ ਹਾਲਾਤਾਂ' ਵਿੱਚ ਮ੍ਰਿਤਕ ਪਾਈ ਗਈ ਸੀ।
ਹਾਲ ਹੀ ਦੇ ਇੱਕ ਹੁਕਮ ਵਿੱਚ, ਵਧੀਕ ਸੈਸ਼ਨ ਜੱਜ ਗੌਤਮ ਮਨਨ ਨੇ ਕਿਹਾ, "ਇਸਤਗਾਸਾ ਦੋਸ਼ੀ ਵਿਅਕਤੀਆਂ ਖ਼ਿਲਾਫ਼ ਵਾਜਬ ਸ਼ੱਕ ਤੋਂ ਪਰ੍ਹੇ ਆਪਣੇ ਮਾਮਲੇ ਨੂੰ ਸਾਬਤ ਕਰਨ ਵਿੱਚ ਸਫ਼ਲ ਰਿਹਾ ਹੈ... ਉਹਨਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ-498ਏ (ਪਤੀ ਜਾਂ ਪਤੀ ਦੇ ਰਿਸ਼ਤੇਦਾਰ ਦੁਆਰਾ ਔਰਤ ਨਾਲ ਬੇਰਹਿਮੀ ਭਰਿਆ ਵਤੀਰਾ ਕਰਨਾ), 304ਬੀ (ਦਾਜ ਕਾਰਨ ਮੌਤ) ਅਤੇ 34 (ਸਾਂਝੇ ਇਰਾਦਾ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਲਤ ਨੇ ਸਜ਼ਾ 'ਤੇ ਬਹਿਸ ਲਈ ਮਾਮਲੇ ਦੀ ਸੁਣਵਾਈ 30 ਜਨਵਰੀ ਨੂੰ ਤੈਅ ਕੀਤੀ ਹੈ।
ਹਾਲਾਂਕਿ ਅਦਾਲਤ ਨੇ ਮੁਲਜ਼ਮਾਂ ਨੂੰ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਜਾਂਚ ਅਧਿਕਾਰੀ ਨੇ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਕਤਲ ਦਾ ਜੁਰਮ ਜੋੜਿਆ, ਪਰ ਉਸ ਨੇ 'ਕਤਲ ਦੀ ਕੜੀ' ਦਾ ਪਤਾ ਲਗਾਉਣ ਲਈ ਕੋਈ ਜਾਂਚ ਨਹੀਂ ਕੀਤੀ।
ਅਦਾਲਤ ਨੇ ਨੋਟ ਕੀਤਾ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਔਰਤ ਦੀ ਮੌਤ ਦਮ ਘੁੱਟਣ ਕਾਰਨ ਹੋਈ ਸੀ, ਪਰ ਜਾਂਚ ਅਧਿਕਾਰੀ ਨੇ ਇਹ ਪਤਾ ਲਗਾਉਣ ਲਈ ਕੋਈ ਜਾਂਚ ਨਹੀਂ ਕੀਤੀ ਕਿ ਦਮ ਕਿਵੇਂ ਘੁੱਟਿਆ ਗਿਆ।
ਇਸ ਮਾਮਲੇ ਵਿੱਚ ਐਫ਼.ਆਈ.ਆਰ. ਦਿੱਲੀ ਦੇ ਦਵਾਰਕਾ ਥਾਣੇ ਵਿੱਚ ਦਰਜ ਕੀਤੀ ਗਈ ਸੀ।