
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮ ਨੂੰ ਹੋ ਸਕਦਾ ਹੈ। ਸ਼ਾਮ ਪੰਜ ਵਜੇ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਵੇਗੀ।
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮ ਨੂੰ ਹੋ ਸਕਦਾ ਹੈ। ਸ਼ਾਮ ਪੰਜ ਵਜੇ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਹੋਵੇਗਾ।
ਇਸ ਦੌਰਾਨ ਸਿਆਸੀ ਪਾਰਟੀਆਂ ਦੀ ਹਲਚਲ ਅਚਾਨਕ ਤੇਜ਼ ਹੋ ਗਈ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਬਾਰੇ ਕੋਈ ਅੰਤਿਮ ਫੈਸਲਾ ਲੈਣ ਲਈ ਕਾਂਗਰਸ ਨੇ ਦਿੱਲੀ ਵਿਚ ਮੀਟਿੰਗ ਸੱਦ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਹਨ।
ਦੁਪਹਿਰ ਦੋ ਵਜੇ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹਿਣਗੇ। ਪਾਰਟੀ ਦੇ ਪੰਜਾਬ ਮਸਲਿਆਂ ਦੇ ਕੇਂਦਰੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਵੀ ਇਸ ਮੌਕੇ ‘ਤੇ ਮੌਜੂਦ ਹੋਣਗੇ।
ਇਸ ਵਾਰ ਪੰਜਾਬ ਚੋਣਾਂ ਦਾ ਮਾਹੌਲ ਕਾਫ਼ੀ ਦਿਲਚਸਪ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੀਆਂ ਨਵੀਆਂ ਪਾਰਟੀਆਂ ਤੇ ਉਹਨਾਂ ਦੇ ਉਮੀਦਵਾਰ ਇਸ ਵਾਰ ਚੋਣਾਂ ਵਿਚ ਰਹਿਣਗੇ। ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪੰਜਾਬ ਏਕਤਾ ਪਾਰਟੀ, ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸਭ ਆਪਣੀ ਥਾਂ ਅਹਿਮ ਭੂਮਿਕਾ ਨਿਭਾਉਣਗੇ ਅਤੇ ਕਈ ਨਵੇਂ ਗੱਠਜੋੜ ਵੀ ਬਣਨਗੇ।