
ਕੇਂਦਰ ਦੀਆਂ ਫੇਲ੍ਹ ਨੀਤੀਆਂ ਕਾਰਨ ਦੇਸ਼ ਵਿਚ ਕੋਰੋਨਾ ਦੀ ਭਿਆਨਕ ਲਹਿਰ- ਰਾਹੁਲ ਗਾਂਧੀ
ਨਵੀਂ ਦਿੱਲੀ: ਦੇਸ਼ ਭਰ ਵਿਚ ਬੇਕਾਬੂ ਹੋ ਰਹੇ ਕੋਰੋਨਾ ਨੂੰ ਲੈ ਕੇ ਸਿਆਸੀ ਧਿਰਾਂ ਲਗਾਤਾਰ ਭਾਜਪਾ ਸਰਕਾਰ ’ਤੇ ਹਮਲੇ ਬੋਲ ਰਹੀਆਂ ਹਨ। ਇਸ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਕੇਂਦਰ ਦੀ ਸੱਤਾਧਾਰੀ ਧਿਰ ਦੀਆਂ ਨੀਤੀਆਂ ’ਤੇ ਸਵਾਲ ਚੁੱਕ ਰਹੇ ਹਨ। ਤਾਜ਼ਾ ਟਵੀਟ ਜ਼ਰੀਏ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਚੰਗੇ ਸੁਝਾਅ ਤੋਂ ਐਲਰਜੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਫੇਲ੍ਹ ਨੀਤੀਆਂ ਕਾਰਨ ਪ੍ਰਵਾਸੀ ਮਜ਼ਦੂਰ ਦੁਬਾਰਾ ਵਾਪਸ ਜਾਣ ਲਈ ਮਜਬੂਰ ਹਨ।
Rahul Gandhi
ਉਹਨਾਂ ਲਿਖਿਆ, ‘ਕੇਂਦਰ ਸਰਕਾਰ ਦੀਆਂ ਫੇਲ੍ਹ ਨੀਤੀਆਂ ਨਾਲ ਦੇਸ਼ ਵਿਚ ਕੋਰੋਨਾ ਦੀ ਭਿਆਨਕ ਦੂਜੀ ਲਹਿਰ ਹੈ ਅਤੇ ਪ੍ਰਵਾਸੀ ਮਜ਼ਦੂਰ ਦੁਬਾਰਾ ਘਰ ਵਾਪਸ ਜਾਣ ਲਈ ਮਜਬੂਰ ਹਨ। ਟੀਕਾਕਰਣ ਵਧਾਉਣ ਦੇ ਨਾਲ ਹੀ ਇਹਨਾਂ ਦੇ ਹੱਥਾਂ ਵਿਚ ਪੈਸੇ ਦਿੱਤੇ ਜਾਣ। ਇਹ ਆਮ ਲੋਕਾਂ ਦੇ ਜੀਵਨ ਅਤੇ ਦੇਸ਼ ਦੀ ਅਰਥਵਿਵਸਥਾ ਦੋਵਾਂ ਲਈ ਜ਼ਰੂਰੀ ਹੈ। ਪਰ ਹੰਕਾਰੀ ਸਰਕਾਰ ਨੂੰ ਚੰਗੇ ਸੁਝਾਅ ਤੋਂ ਐਲਰਜੀ ਹੈ!’
Coronavirus
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਵੀ ਕੇਂਦਰ ਸਰਕਾਰ ਵਿਰੁੱਧ ਟਵੀਟ ਕਰ ਚੁੱਕੇ ਹਨ। ਉਧਰ ਕੋਰੋਨਾ ਸਥਿਤੀ ’ਤੇ ਚਰਚਾ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਾਂਗਰਸ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਵੀ ਸ਼ਾਮਲ ਹੋਏ।
Sonia Gandhi
ਪਿਛਲੇ 24 ਘੰਟਿਆਂ ’ਚ ਆਏ 1,45,384 ਨਵੇਂ ਮਾਮਲੇ
ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,45,384 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 794 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੇਸ਼ ’ਚ ਕੁੱਲ ਕੋਰੋਨਾ ਪੀੜਤਾਂ ਦਾ ਅੰਕੜਾ 1,32,05,926 ਤੱਕ ਪਹੁੰਚ ਗਿਆ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1,68,436 ਹੋ ਗਈ ਹੈ।