
ਲੋਕ ਸਭਾ ਚੋਣਾਂ ਤੋਂ ਬਾਅਦ ਕਈ ਦਿੱਗਜ ਨੇਤਾ ਪਹਿਲੀ ਵਾਰ ਚੋਣ ਪ੍ਰਕਿਰਿਆ ’ਚ ਅਪਣੀ ਕਿਸਮਤ ਅਜ਼ਮਾ ਰਹੇ ਹਨ
ਨਵੀਂ ਦਿੱਲੀ: ਉੱਤਰਾਖੰਡ, ਬਿਹਾਰ ਅਤੇ ਪਛਮੀ ਬੰਗਾਲ ’ਚ ਹਿੰਸਾ ਦੀਆਂ ਕੁੱਝ ਘਟਨਾਵਾਂ ਦਰਮਿਆਨ ਬੁਧਵਾਰ ਨੂੰ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਈ। ਚੋਣ ਕਮਿਸ਼ਨ ਦੇ ‘ਵੋਟਰ ਟਰਨਆਊਟ ਐਪ‘ ਮੁਤਾਬਕ ਤਾਮਿਲਨਾਡੂ ਦੀ ਵਿਕਰਾਵੰਦੀ ਵਿਧਾਨ ਸਭਾ ਸੀਟ ’ਤੇ ਸੱਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ, ਜਦਕਿ ਉਤਰਾਖੰਡ ਦੀ ਬਦਰੀਨਾਥ ਸੀਟ ’ਤੇ ਸੱਭ ਤੋਂ ਘੱਟ ਵੋਟਿੰਗ ਦਰਜ ਕੀਤੀ ਗਈ।
ਲੋਕ ਸਭਾ ਚੋਣਾਂ ਤੋਂ ਬਾਅਦ ਕਈ ਦਿੱਗਜ ਨੇਤਾ ਪਹਿਲੀ ਵਾਰ ਚੋਣ ਪ੍ਰਕਿਰਿਆ ’ਚ ਅਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਵੀ ਸ਼ਾਮਲ ਹੈ। ਉੱਤਰਾਖੰਡ, ਬਿਹਾਰ ਅਤੇ ਪਛਮੀ ਬੰਗਾਲ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ’ਚ ਵੋਟਿੰਗ ਸ਼ਾਂਤੀਪੂਰਨ ਰਹੀ।
ਉਤਰਾਖੰਡ ਦੇ ਮੰਗਲੌਰ ਵਿਧਾਨ ਸਭਾ ਹਲਕੇ ’ਚ ਇਕ ਪੋਲਿੰਗ ਬੂਥ ’ਤੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਹੋਈ ਝੜਪ ’ਚ ਚਾਰ ਲੋਕ ਜ਼ਖਮੀ ਹੋ ਗਏ।ਰੁੜਕੀ ਸਿਵਲ ਲਾਈਨ ਕੋਤਵਾਲੀ ਦੇ ਇੰਚਾਰਜ ਆਰ ਕੇ ਸਕਲਾਨੀ ਨੇ ਦਸਿਆ ਕਿ ਮੰਗਲੌਰ ਦੇ ਲਿਬਰਹੇੜੀ ਸਥਿਤ ਬੂਥ ਨੰਬਰ 53-54 ’ਤੇ ਦੋਹਾਂ ਧਿਰਾਂ ਦੇ ਵਰਕਰਾਂ ਵਿਚਾਲੇ ਝੜਪ ਦੀ ਸੂਚਨਾ ਮਿਲੀ ਸੀ।
ਕੁੱਝ ਰੀਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪੋਲਿੰਗ ਸਟੇਸ਼ਨ ’ਤੇ ਗੋਲੀਬਾਰੀ ਵੀ ਹੋਈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਤੋਂ ਇਨਕਾਰ ਕੀਤਾ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਇਕ ਵੀਡੀਉ ’ਚ ਕਾਂਗਰਸ ਉਮੀਦਵਾਰ ਅਤੇ ਸਾਬਕਾ ਵਿਧਾਇਕ ਕਾਜ਼ੀ ਨਿਜ਼ਾਮੂਦੀਨ ਨੂੰ ਇਕ ਵਿਅਕਤੀ ਨੂੰ ਹਸਪਤਾਲ ਲਿਜਾਂਦੇ ਹੋਏ ਵੇਖਿਆ ਜਾ ਸਕਦਾ ਹੈ, ਜਿਸ ਦੇ ਕਪੜੇ ਖੂਨ ਨਾਲ ਰੰਗੇ ਹੋਏ ਸਨ।
ਉਨ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਫ਼ਰਤ ਦੇ ਬੀਜ ਬੀਜ ਕੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ। ਇਕ ਹੋਰ ਵੀਡੀਉ ’ਚ ਕਾਜ਼ੀ ਨੂੰ ਹਸਪਤਾਲ ’ਚ ਇਕ ਜ਼ਖਮੀ ਪਾਰਟੀ ਵਰਕਰ ਨੂੰ ਗਲੇ ਲਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਪੋਲਿੰਗ ਸਟੇਸ਼ਨ ’ਤੇ ਹਿੰਸਾ ਉਸ ਸਮੇਂ ਭੜਕੀ ਜਦੋਂ ਕੁੱਝ ਲੋਕ ਬੂਥ ’ਚ ਦਾਖਲ ਹੋਏ ਅਤੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕ ਦਿਤਾ। ਬੂਥ ’ਚ ਦਾਖਲ ਹੋਣ ਵਾਲੇ ਲੋਕਾਂ ਨੇ ਅਪਣੇ ਅੱਧੇ ਚਿਹਰੇ ਕਪੜੇ ਨਾਲ ਢੱਕ ਲਏ ਸਨ।
ਮੰਗਲੌਰ ’ਚ 68.24 ਫੀ ਸਦੀ ਅਤੇ ਬਦਰੀਨਾਥ ’ਚ 49.80 ਫੀ ਸਦੀ ਵੋਟਿੰਗ ਹੋਈ। ਪਿਛਲੇ ਸਾਲ ਅਕਤੂਬਰ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਸਰਵਤ ਕਰੀਮ ਅੰਸਾਰੀ ਦੀ ਮੌਤ ਤੋਂ ਬਾਅਦ ਮੰਗਲੌਰ ਤੋਂ ਉਪ ਚੋਣ ਜ਼ਰੂਰੀ ਹੋ ਗਈ ਸੀ। ਇਹ ਸੀਟ ਕਾਂਗਰਸ ਵਿਧਾਇਕ ਰਾਜੇਂਦਰ ਭੰਡਾਰੀ ਦੇ ਅਸਤੀਫਾ ਦੇਣ ਅਤੇ ਇਸ ਸਾਲ ਮਾਰਚ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋਈ ਸੀ।
ਪਛਮੀ ਬੰਗਾਲ ਦੇ ਬਗਦਾਹ ਅਤੇ ਰਾਣਾਘਾਟ ਦਖਣੀ ਤੋਂ ਹਿੰਸਾ ਦੀਆਂ ਕੁੱਝ ਘਟਨਾਵਾਂ ਸਾਹਮਣੇ ਆਈਆਂ ਹਨ। ਭਾਜਪਾ ਨੇ ਟੀ.ਐਮ.ਸੀ. ਵਰਕਰਾਂ ’ਤੇ ਉਸ ਦੇ ਬੂਥ ਏਜੰਟ ’ਤੇ ਹਮਲਾ ਕਰਨ ਅਤੇ ਉਸ ਦੇ ਉਮੀਦਵਾਰਾਂ ਨੂੰ ਕੁੱਝ ਪੋਲਿੰਗ ਬੂਥਾਂ ’ਤੇ ਜਾਣ ਤੋਂ ਰੋਕਣ ਦਾ ਦੋਸ਼ ਲਾਇਆ ਹੈ।
ਰਾਣਾਘਾਟ ਦਖਣੀ ਅਤੇ ਬਗਦਾਹ ਤੋਂ ਭਾਜਪਾ ਉਮੀਦਵਾਰ ਮਨੋਜ ਕੁਮਾਰ ਬਿਸਵਾਸ ਅਤੇ ਬਿਨੈ ਕੁਮਾਰ ਬਿਸਵਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੁੱਝ ਬੂਥਾਂ ’ਤੇ ਦਾਖਲ ਹੋਣ ਦੀ ਆਗਿਆ ਨਹੀਂ ਦਿਤੀ ਗਈ। ਮਨੋਜ ਕੁਮਾਰ ਬਿਸਵਾਸ ਨੇ ਦਾਅਵਾ ਕੀਤਾ ਕਿ ਟੀ.ਐਮ.ਸੀ. ਮੈਂਬਰਾਂ ਨੇ ਕੁੱਝ ਖੇਤਰਾਂ ’ਚ ਭਾਜਪਾ ਦਫ਼ਤਰਾਂ ’ਚ ਭੰਨਤੋੜ ਕੀਤੀ।
ਜਦੋਂ ਮਨੀਕਤਲਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕਲਿਆਣ ਚੌਬੇ ਪੋਲਿੰਗ ਬੂਥ ’ਤੇ ਪਹੁੰਚੇ ਤਾਂ ਤ੍ਰਿਣਮੂਲ ਵਰਕਰਾਂ ਨੇ ਉਨ੍ਹਾਂ ਨੂੰ ਵੇਖਿਆ ਅਤੇ ‘ਵਾਪਸ ਜਾਓ‘ ਦੇ ਨਾਅਰੇ ਲਗਾਏ। ਹਾਲਾਂਕਿ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿਤਾ ਹੈ। ਭਾਜਪਾ ਨੇ ਇਨ੍ਹਾਂ ਘਟਨਾਵਾਂ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਰਾਏਗੰਜ ’ਚ ਸੱਭ ਤੋਂ ਵੱਧ 67.12 ਫੀ ਸਦੀ ਵੋਟਿੰਗ ਹੋਈ। ਇਸ ਤੋਂ ਬਾਅਦ ਰਾਣਾਘਾਟ ਦੱਖਣ (65.37 ਫੀ ਸਦੀ ), ਬਗਦਾਹ (65.15 ਫੀ ਸਦੀ ) ਅਤੇ ਮਾਨਿਕਤਲਾ (51.39 ਫੀ ਸਦੀ ) ਦਾ ਨੰਬਰ ਆਉਂਦਾ ਹੈ।
ਬਿਹਾਰ ਦੀ ਰੁਪੌਲੀ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਰੀਕਾਰਡ 57.25 ਫੀ ਸਦੀ ਵੋਟਿੰਗ ਹੋਈ। ਪੂਰਨੀਆ ’ਚ ਪੁਲਿਸ ਟੀਮ ’ਤੇ ਭੀੜ ਦੇ ਹਮਲੇ ’ਚ ਇਕ ਅਧਿਕਾਰੀ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਇਸ ਦੌਰਾਨ ਪੂਰਨੀਆ ਸਦਰ ਸਬ-ਡਵੀਜ਼ਨਲ ਪੁਲਿਸ ਅਧਿਕਾਰੀ (ਐਸਡੀਪੀਓ) ਪੁਸ਼ਕਰ ਕੁਮਾਰ ਨੇ ਕਿਹਾ, ‘‘ਭਵਾਨੀਪੁਰ ਬਲਾਕ ਦੇ ਇਕ ਪੋਲਿੰਗ ਸਟੇਸ਼ਨ ’ਤੇ ਭਾਰੀ ਭੀੜ ਇਕੱਠੀ ਹੋਈ ਸੀ। ਜਦੋਂ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਖਿੰਡਣ ਲਈ ਕਿਹਾ ਤਾਂ ਉਨ੍ਹਾਂ ’ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ’’
ਐਸ.ਡੀ.ਪੀ.ਓ. ਨੇ ਦਸਿਆ ਕਿ ਝੜਪ ’ਚ ਇਕ ਸਬ-ਇੰਸਪੈਕਟਰ ਅਤੇ ਇਕ ਕਾਂਸਟੇਬਲ ਜ਼ਖਮੀ ਹੋ ਗਏ ਅਤੇ ਇਸ ਘਟਨਾ ਕਾਰਨ ਵੋਟਿੰਗ ਕੁੱਝ ਸਮੇਂ ਲਈ ਪ੍ਰਭਾਵਤ ਹੋਈ। 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਰੁਪੌਲੀ ’ਚ 61.19 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ ਸੀ। ਰੁਪੌਲੀ ਵਿਧਾਨ ਸਭਾ ਹਲਕਾ ਪੂਰਨੀਆ ਲੋਕ ਸਭਾ ਹਲਕੇ ਦਾ ਹਿੱਸਾ ਹੈ।
ਰੁਪੌਲੀ ਤੋਂ ਤਿੰਨ ਵਾਰ ਵਿਧਾਇਕ ਰਹੀ ਬੀਮਾ ਭਾਰਤੀ ਨੇ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ -ਯੂਨਾਈਟਿਡ (ਜੇਡੀਯੂ) ਛੱਡ ਦਿਤੀ ਸੀ ਅਤੇ ਆਰ.ਜੇ.ਡੀ. ’ਚ ਸ਼ਾਮਲ ਹੋ ਗਈ ਸੀ। ਇਸ ਕਾਰਨ ਇਸ ਸੀਟ ’ਤੇ ਜ਼ਿਮਨੀ ਚੋਣ ਹੋ ਰਹੀ ਹੈ। ਭਾਰਤੀ ਨੇ ਕੌਮੀ ਜਨਤਾ ਦਲ (ਆਰ.ਜੇ.ਡੀ.) ਦੀ ਟਿਕਟ ’ਤੇ ਲੋਕ ਸਭਾ ਚੋਣ ਲੜੀ ਸੀ ਪਰ ਆਜ਼ਾਦ ਉਮੀਦਵਾਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਤੋਂ ਹਾਰ ਗਈ ਸੀ। ਭਾਰਤੀ ਹੁਣ ਰੁਪੌਲੀ ਉਪ ਚੋਣ ’ਚ ਆਰ.ਜੇ.ਡੀ. ਦੀ ਉਮੀਦਵਾਰ ਹੈ।
ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ’ਚ ਸ਼ਾਮ 5 ਵਜੇ ਤਕ ਸੱਭ ਤੋਂ ਵੱਧ 78.82 ਫੀ ਸਦੀ , ਹਮੀਰਪੁਰ ’ਚ 65.78 ਫੀ ਸਦੀ ਅਤੇ ਦੇਹਰਾ ’ਚ 63.89 ਫੀ ਸਦੀ ਵੋਟਿੰਗ ਹੋਈ।
ਤਿੰਨ ਆਜ਼ਾਦ ਵਿਧਾਇਕਾਂ ਹੋਸ਼ਿਆਰ ਸਿੰਘ (ਦੇਹਰਾ), ਅਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇਐਲ ਠਾਕੁਰ (ਨਾਲਾਗੜ੍ਹ) ਨੇ 22 ਮਾਰਚ ਨੂੰ ਵਿਧਾਨ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਇਨ੍ਹਾਂ ਵਿਧਾਇਕਾਂ ਨੇ 27 ਫ਼ਰਵਰੀ ਨੂੰ ਹੋਈਆਂ ਰਾਜ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਕ ’ਚ ਵੋਟ ਪਾਈ ਸੀ। ਫਿਰ ਉਹ ਅਗਲੇ ਦਿਨ ਭਾਜਪਾ ’ਚ ਸ਼ਾਮਲ ਹੋ ਗਏ।
ਪੰਜਾਬ ਦੀ ਜਲੰਧਰ ਪਛਮੀ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਸ਼ਾਮ 5 ਵਜੇ ਤਕ 51.30 ਫੀ ਸਦੀ ਵੋਟਿੰਗ ਹੋਈ। ਕਈ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੂੰ ਬੂਟੇ ਵੀ ਵੰਡੇ ਗਏ। ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਭਗਤ ਚੁੰਨੀ ਲਾਲ ਦੇ ਬੇਟੇ ਮਹਿੰਦਰ ਭਗਤ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਭਗਤ ਨੇ ਪਿਛਲੇ ਸਾਲ ਭਾਜਪਾ ਛੱਡ ਦਿਤੀ ਸੀ ਅਤੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਕਾਂਗਰਸ ਨੇ ਜਲੰਧਰ ਦੀ ਸਾਬਕਾ ਡਿਪਟੀ ਮੇਅਰ ਅਤੇ ਪੰਜ ਵਾਰ ਨਗਰ ਕੌਂਸਲਰ ਰਹਿ ਚੁਕੀ ਸੁਰਿੰਦਰ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਚੋਣ ਕਮਿਸ਼ਨ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਵਿਕਰਾਵੰਦੀ ਵਿਧਾਨ ਸਭਾ ਸੀਟ ’ਤੇ ਵੋਟਿੰਗ ਸਮਾਪਤ ਹੋ ਗਈ ਅਤੇ ਸ਼ਾਮ 5 ਵਜੇ ਤਕ 82.48 ਫੀ ਸਦੀ ਵੋਟਰਾਂ ਨੇ ਅਪਣੀ ਵੋਟ ਪਾਈ।
ਇਹ ਸੀਟ 6 ਅਪ੍ਰੈਲ ਨੂੰ ਵਿਕਰਾਵੰਦੀ ਤੋਂ ਡੀ.ਐਮ.ਕੇ. ਵਿਧਾਇਕ ਏ ਪੁਗਜ਼ੇਂਦੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਵਿਕਰਾਵੰਦੀ ’ਚ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐੱਮ.ਕੇ.) ਦੇ ਉਮੀਦਵਾਰ ਅਨੀਯੂਰ ਸਿਵਾ, ਪੱਟਾਲੀ ਮੱਕਲ ਕਾਚੀ (ਪੀ.ਐੱਮ.ਕੇ.) ਦੇ ਉਮੀਦਵਾਰ ਸੀ ਅੰਬੂਮਨੀ ਅਤੇ ਨਾਮ ਤਮਿਲਰ ਕਾਚੀ (ਐੱਨ.ਟੀ.ਕੇ.) ਦੇ ਉਮੀਦਵਾਰ ਕੇ ਅਬਿਨਾਯਾ ਵਿਚਾਲੇ ਤਿਕੋਣਾ ਮੁਕਾਬਲਾ ਹੈ।
ਮੱਧ ਪ੍ਰਦੇਸ਼ ਦੀ ਅਮਰਵਾੜਾ ਵਿਧਾਨ ਸਭਾ ਸੀਟ (ਅਨੁਸੂਚਿਤ ਕਬੀਲਿਆਂ ਲਈ ਰਾਖਵੀਂ) ’ਚ 78.71 ਲੱਖ ਵੋਟਰਾਂ ਨੇ ਵੋਟ ਪਾਈ। ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਕਮਲੇਸ਼ ਸ਼ਾਹ ਦੇ ਮਾਰਚ ’ਚ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇਹ ਉਪ ਚੋਣ ਜ਼ਰੂਰੀ ਹੋ ਗਈ ਸੀ।