
ਭਲਾਈ ਲਈ 4,000 ਕਰੋੜ ਰੁਪਏ ਦੇ ਬਜਟ ਦਾ ਵਾਅਦਾ
ਭਲਾਈ ਲਈ 4,000 ਕਰੋੜ ਰੁਪਏ ਦੇ ਬਜਟ ਦਾ ਵਾਅਦਾ
ਇਮਾਮ, ਮੁਅਜ਼ਿਨ, ਖਾਦਿਮ, ਪਾਦਰੀ ਅਤੇ ਗ੍ਰੰਥੀ ਸਮੇਤ ਸਾਰੇ ਧਰਮਾਂ ਦੇ ਪੁਜਾਰੀਆਂ ਲਈ 10,000 ਤੋਂ 12,000 ਰੁਪਏ ਮਹੀਨਾਵਾਰ ਮਾਣ ਭੱਤਾ ਦੇਣ ਦਾ ਦਾਅਵਾ
‘ਤੇਲੰਗਾਨਾ ਸਿੱਖ ਘੱਟ ਗਿਣਤੀ ਵਿੱਤ ਨਿਗਮ’ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ
Telangana Congress News : ਕਾਂਗਰਸ ਦੀ ਤੇਲੰਗਾਨਾ ਇਕਾਈ ਨੇ ਕਿਹਾ ਹੈ ਕਿ ਜੇਕਰ ਉਹ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਦੀ ਹੈ, ਤਾਂ ਉਹ ਸੱਤਾ ਵਿਚ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਜਾਤ ਆਧਾਰਤ ਮਰਦਮਸ਼ੁਮਾਰੀ ਕਰਵਾਏਗੀ ਅਤੇ ਇਸ ਤੋਂ ਇਲਾਵਾ ਘੱਟ ਗਿਣਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਬਜਟ ਨੂੰ ਵਧਾ ਕੇ 4,000 ਕਰੋੜ ਰੁਪਏ ਸਾਲਾਨਾ ਕਰੇਗੀ।
ਵੀਰਵਾਰ ਨੂੰ ਜਾਰੀ ਕੀਤੇ ਗਏ ‘ਘੱਟ ਗਿਣਤੀ ਮੈਨੀਫੈਸਟੋ’ ’ਚ ਕਿਹਾ ਗਿਆ ਹੈ ਕਿ ਪਾਰਟੀ ਘੱਟ ਗਿਣਤੀਆਂ ਸਮੇਤ ਸਾਰੇ ਪਛੜੇ ਵਰਗਾਂ ਲਈ ਨੌਕਰੀਆਂ, ਸਿੱਖਿਆ ਅਤੇ ਸਰਕਾਰੀ ਯੋਜਨਾਵਾਂ ’ਚ ਉਚਿਤ ਰਾਖਵਾਂਕਰਨ ਯਕੀਨੀ ਬਣਾਏਗੀ। ਕਾਂਗਰਸ ਨੇ ਘੱਟ ਗਿਣਤੀਆਂ ਨਾਲ ਸਬੰਧਤ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਰਿਆਇਤੀ ਦਰਾਂ ’ਤੇ ਕਰਜ਼ੇ ਮੁਹੱਈਆ ਕਰਵਾਉਣ ਲਈ ਪ੍ਰਤੀ ਸਾਲ 1,000 ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਵੀ ਵਾਅਦਾ ਕੀਤਾ ਸੀ।
ਪਾਰਟੀ ਨੇ ਕਿਹਾ ਕਿ ਉਹ ‘ਅਬਦੁਲ ਕਲਾਮ ਤੋਹਫਾ-ਏ-ਤਾਲੀਮ ਸਕੀਮ‘ ਤਹਿਤ ਮੁਸਲਿਮ, ਈਸਾਈ, ਸਿੱਖ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਐਮ.ਫਿਲ. ਅਤੇ ਪੀ.ਐਚ.ਡੀ. ਦੀ ਪੜ੍ਹਾਈ ਪੂਰੀ ਕਰਨ ’ਤੇ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਮੈਨੀਫੈਸਟੋ ਵਿਚ ਇਮਾਮ, ਮੁਅਜ਼ਿਨ, ਖਾਦਿਮ, ਪਾਦਰੀ ਅਤੇ ਗ੍ਰੰਥੀ ਸਮੇਤ ਸਾਰੇ ਧਰਮਾਂ ਦੇ ਪੁਜਾਰੀਆਂ ਲਈ 10,000 ਤੋਂ 12,000 ਰੁਪਏ ਮਹੀਨਾਵਾਰ ਮਾਣ ਭੱਤਾ ਦੇਣ ਦੀ ਗੱਲ ਕੀਤੀ ਗਈ ਹੈ।
ਪਾਰਟੀ ਨੇ ਉਰਦੂ ਮਾਧਿਅਮ ਦੇ ਅਧਿਆਪਕਾਂ ਦੀ ਵਿਸ਼ੇਸ਼ ਭਰਤੀ ਕਰਨ ਦੇ ਨਾਲ-ਨਾਲ ‘ਤੇਲੰਗਾਨਾ ਸਿੱਖ ਘੱਟ ਗਿਣਤੀ ਵਿੱਤ ਨਿਗਮ’ ਸਥਾਪਤ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਘੱਟ ਗਿਣਤੀ ਵਰਗ ਦੇ ਬੇਘਰੇ ਲੋਕਾਂ ਨੂੰ ਮਕਾਨ ਬਣਾਉਣ ਲਈ ਜਗ੍ਹਾ ਅਤੇ 5 ਲੱਖ ਰੁਪਏ ਦਿਤੇ ਜਾਣਗੇ। ਮੈਨੀਫੈਸਟੋ ’ਚ ਕਿਹਾ ਗਿਆ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਨਵੇਂ ਵਿਆਹੇ ਜੋੜਿਆਂ ਨੂੰ 1.6 ਲੱਖ ਰੁਪਏ ਦਿਤੇ ਜਾਣਗੇ।