
ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਸਲ ਨੇ ਵੀਰਵਾਰ ਨੂੰ ਜੀ.ਐਸ.ਟੀ. ਤੋਂ ਛੋਟ ਦੀ ਹੱਦ ਨੂੰ ਵਧਾ ਕੇ ਦੁਗਣਾ........
ਨਵੀਂ ਦਿੱਲੀ : ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਸਲ ਨੇ ਵੀਰਵਾਰ ਨੂੰ ਜੀ.ਐਸ.ਟੀ. ਤੋਂ ਛੋਟ ਦੀ ਹੱਦ ਨੂੰ ਵਧਾ ਕੇ ਦੁਗਣਾ ਕਰ ਦਿਤਾ ਹੈ। ਇਸ ਤੋਂ ਇਲਾਵਾ ਕੰਪੋਜ਼ੀਸ਼ਨ ਯੋਜਨਾ ਦਾ ਲਾਭ ਲੈਣ ਦੀ ਹੱਦ ਨੂੰ ਵੀ ਵਧਾ ਦਿਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੀ.ਐਸ.ਟੀ. ਕੌਂਸਲ ਨੇ ਛੋਟੇ ਕਾਰੋਬਾਰੀਆਂ ਨੂੰ ਜੀ.ਐਸ.ਟੀ. ਤੋਂ ਰਾਹਤ ਦਿੰਦਿਆਂ ਛੋਟ ਦੀ ਹੱਦ ਨੂੰ 20 ਲੱਖ ਤੋਂ ਵਧਾ ਕੇ 40 ਲੱਖ ਰੁਪਏ ਸਾਲਾਨਾ ਕਰ ਦਿਤਾ ਹੈ ਜਦਕਿ ਪੂਰਬ-ਉੱਤਰ ਦੇ ਸੂਬਿਆਂ ਲਈ ਇਸ ਨੂੰ ਵਧਾ ਕੇ 20 ਲੱਖ ਰੁਪਏ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜੀ.ਐਸ.ਟੀ. ਕੰਪੋਜ਼ੀਸ਼ਨ ਯੋਜਨਾ ਦਾ ਲਾਭ ਲੈਣ ਦੀ ਹੱਦ ਵੀ ਵਧਾ ਦਿਤੀ ਗਈ ਹੈ। ਇਸ ਯੋਜਨਾ ਦੇ ਤਹਿਤ ਛੋਟੇ ਕਾਰੋਬਾਰੀਆਂ ਅਤੇ ਕੰਪਨੀਆਂ ਨੂੰ ਅਪਣੇ ਕਾਰੋਬਾਰ ਦੇ ਹਿਸਾਬ ਨਾਲ ਮਾਮੂਲੀ ਦਰ 'ਤੇ ਟੈਕਸ ਦੇਣਾ ਹੁੰਦਾ ਹੈ। ਕੰਪੋਜ਼ੀਸ਼ਨ ਯੋਜਨਾ ਲਈ ਹੱਦ ਨੂੰ ਇਕ ਕਰੋੜ ਤੋਂ ਵਧਾ ਕੇ ਡੇਢ ਕਰੋੜ ਕਰ ਦਿਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋ ਕਦਮਾਂ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਰਾਹਤ ਮਿਲੇਗੀ।
ਇਸ ਤੋਂ ਇਲਾਵਾ ਕੌਂਸਲ ਨੇ ਕੇਰਲ ਨੂੰ ਦੋ ਸਾਲਾਂ ਲਈ ਸੂਬੇ ਅੰਦਰ ਹੋਣ ਵਾਲੀ ਵਿਕਰੀ 'ਤੇ ਇਕ ਫ਼ੀ ਸਦੀ ਦਾ ਉਪ ਟੈਕਸ ਲਾਉਣ ਦੀ ਇਜਾਜ਼ਤ ਦਿਤੀ ਹੈ। ਜੇਤਲੀ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਅਤੇ ਲਾਟਰੀ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲੈ ਕੇ ਬੈਠਕ 'ਚ ਮਤਭੇਦ ਰਹੇ। ਇਸ ਦੇ ਮੱਦੇਨਜ਼ਰ ਜੀ.ਐਸ.ਟੀ. ਕੌਂਸਲ ਨੇ ਮੰਤਰੀਆਂ ਦੇ ਇਕ ਸੱਤ ਮੈਂਬਰੀ ਸਮੂਹ ਦੇ ਗਠਨ ਦਾ ਫ਼ੈਸਲਾ ਕੀਤਾ ਹੈ ਜੋ ਇਸ ਬਾਰੇ ਧਿਆਨ ਦੇਵੇਗਾ। (ਪੀਟੀਆਈ)