
ਦਸੰਬਰ 2019 ਵਿੱਚ ਭੜਕੀ ਹਿੰਸਾ ਅਧੀਨ ਦਰਜ ਹੋਇਆ ਸੀ ਮਾਮਲਾ
ਨਵੀਂ ਦਿੱਲੀ - 2019 ਦੇ ਜਾਮੀਆ ਨਗਰ ਹਿੰਸਾ ਮਾਮਲੇ ਵਿੱਚ ਵਿਦਿਆਰਥੀ ਕਾਰਕੁਨ ਸ਼ਰਜੀਲ ਇਮਾਮ ਅਤੇ ਆਸਿਫ਼ ਇਕਬਾਲ ਤਨਹਾ ਸਮੇਤ 9 ਹੋਰਾਂ ਨੂੰ ਹਾਲ ਹੀ ਵਿੱਚ ਬਰੀ ਕਰਨ ਵਾਲੇ, ਦਿੱਲੀ ਦੀ ਇੱਕ ਅਦਾਲਤ ਦੇ ਜੱਜ ਨੇ 'ਨਿੱਜੀ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਨੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਦੀ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ।
ਵਧੀਕ ਸੈਸ਼ਨ ਜੱਜ ਅਰੁਲ ਵਰਮਾ ਦਸੰਬਰ 2019 ਵਿੱਚ ਜਾਮੀਆ ਨਗਰ ਵਿੱਚ ਹੋਈ ਹਿੰਸਾ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਕਰ ਰਹੇ ਸਨ, ਜਿਹੜਾ ਤਨਹਾ ਸਮੇਤ ਕਈ ਹੋਰ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ।
ਸ਼ੁੱਕਰਵਾਰ ਨੂੰ ਦਿੱਤੇ ਆਦੇਸ਼ ਵਿੱਚ ਜੱਜ ਨੇ ਕਿਹਾ, "ਨਿੱਜੀ ਕਾਰਨਾਂ ਕਰਕੇ, ਹੇਠਾਂ ਹਸਤਾਖਰਿਤ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਹੋ ਰਿਹਾ ਹੈ। ਇਸ ਅਨੁਸਾਰ, ਮੌਜੂਦਾ ਕੇਸ ਦੀ ਥਾਂ ਦੀ ਤਬਦੀਲੀ ਕਰਨ ਦੀ ਬੇਨਤੀ ਨਾਲ ਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ, ਦੱਖਣੀ ਪੂਰਬੀ ਜ਼ਿਲ੍ਹਾ, ਸਾਕੇਤ ਦੀ ਅਦਾਲਤ ਵਿੱਚ 13 ਫਰਵਰੀ ਨੂੰ ਦੁਪਹਿਰ 12 ਵਜੇ ਰੱਖਿਆ ਜਾਵੇ।"
ਦੂਜੇ ਮਾਮਲੇ 'ਚ ਪਿਛਲੇ ਸ਼ਨੀਵਾਰ ਨੂੰ 11 ਦੋਸ਼ੀਆਂ ਨੂੰ ਦੋਸ਼ ਮੁਕਤ ਕਰਦੇ ਹੋਏ ਜੱਜ ਨੇ ਕਿਹਾ ਸੀ ਕਿ ਕਨੂੰਨੀ ਕਾਰਵਾਈ 'ਲਾਪਰਵਾਹੀ ਅਤੇ ਖ਼ਤਰਨਾਕ' ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਦਸੰਬਰ 2019 ਵਿੱਚ, ਦਿੱਲੀ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਪੁਲਿਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਭੜਕੀ ਹਿੰਸਾ ਦੇ ਸਬੰਧ ਵਿੱਚ ਇੱਕ ਐਫ਼.ਆਈ.ਆਰ. ਦਰਜ ਕੀਤੀ ਸੀ।