
ਦੋ ਉੱਭਰਦੀਆਂ ਅਰਥਵਿਸਥਾਵਾਂ ਦੇ ਆਗੂਆਂ ਵਿਚਕਾਰ ਗਰਮਜੋਸ਼ੀ ਅਤੇ ਤਾਲਮੇਲ ਦਿਸਿਆ।
ਚੇਨਈ/ਮਾਮਲਾਪੁਰਮ : ਬੰਗਾਲ ਦੀ ਖਾੜੀ ਦੇ ਕੋਰੋਮੰਡਲ ਨੂੰ ਨਿਹਾਰਦਿਆਂ ਸੱਤਵੀਂ ਸਦੀ ਦੇ ਪੰਚ ਰਥ ਸਮਾਰਕ ਦੀ ਪਿੱਠਭੂਮੀ 'ਚ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਨਾਰੀਅਲ ਪਾਣੀ ਦਾ ਆਨੰਦ ਲਿਆ ਅਤੇ ਕਸ਼ਮੀਰ ਮਾਮਲੇ 'ਤੇ ਤਣਾਅਪੂਰਨ ਹੋਏ ਦੁਵੱਲੇ ਸਬੰਧਾਂ ਨੂੰ ਸਹਿਜ ਬਣਾਉਂਦਿਆਂ ਗ਼ੈਰਰਸਮੀ ਗੱਲਬਾਤ ਕੀਤੀ। ਰਵਾਇਤੀ ਤਮਿਲ ਪੋਸ਼ਾਕ ਧੋਤੀ, ਚਿੱਟੀ ਕਮੀਜ਼ ਅਤੇ ਅੰਗਵਸਤਰਮ ਪਹਿਨੇ ਮੋਦੀ ਨੇ ਚੰਗੇ ਮੇਜ਼ਬਾਨ ਦੀ ਭੂਮਿਕਾ ਨਿਭਾਉਂਦਿਆਂ ਸ਼ੀ ਨੂੰ ਵਿਸ਼ਵ ਪ੍ਰਸਿੱਧ ਧਰੋਹਰਾਂ ਅਰਜੁਨ ਤਪੱਸਿਆ ਸਮਾਰਕ, ਨਵਨੀਤ ਪਿੰਡ (ਕ੍ਰਿਸ਼ਣਾਜ਼ ਬਟਰਬਾਲ), ਪੰਚ ਰਥ ਅਤੇ ਸ਼ੋਰ ਮੰਦਰ ਦੇ ਦਰਸ਼ਨ ਕਰਵਾਏ।
Narendra Modi-Xi Jinping meet in Chennai
ਪ੍ਰਧਾਨ ਮੰਤਰੀ ਨੇ ਚਿੱਟੀ ਕਮੀਜ਼ ਅਤੇ ਕਾਲੀ ਪਤਲੂਨ ਪਾ ਕੇ ਆਏ ਸ਼ੀ ਨੂੰ ਇਨ੍ਹਾਂ ਸਮਾਰਕਾਂ ਦੇ ਇਤਿਹਾਸਕ ਮਹੱਤਵ ਤੋਂ ਜਾਣੂ ਕਰਵਾਇਆ। ਸ਼ੀ ਚੀਨ ਦੇ ਫ਼ੁਜਿਆਂਗ ਸੂਬੇ ਨਾਲ ਇਤਿਹਾਸਕ ਰੂਪ ਤੋਂ ਜੁੜੇ ਪੱਲਵ ਵੰਸ਼ ਦੌਰਾਨ ਬਣੇ ਸੱਤਵੀਂ ਸਦੀ ਦੇ ਇਨ੍ਹਾਂ ਸਮਾਰਕਾਂ 'ਚ ਕਾਫ਼ੀ ਰੁਚੀ ਲੈਂਦੇ ਦਿਸੇ। ਮੋਦੀ ਅਤੇ ਸ਼ੀ ਨਾਲ ਇਕ-ਇਕ ਅਨੁਵਾਦਕ ਵੀ ਸਨ। ਦੋਵੇਂ ਪੰਜ ਰਥ 'ਚ ਲਗਭਗ 15 ਮਿੰਟ ਬੈਠੇ ਅਤੇ ਉਨ੍ਹਾਂ ਨਾਰੀਅਲ ਪਾਣੀ ਪੀਂਦਿਆਂ ਡੂੰਘੀ ਗੱਲਬਾਤ ਕੀਤੀ। ਇਸ ਬੈਠਕ ਦੀਆਂ ਤਸਵੀਰਾ 'ਚ ਦੋ ਉੱਭਰਦੀਆਂ ਅਰਥਵਿਸਥਾਵਾਂ ਦੇ ਆਗੂਆਂ ਵਿਚਕਾਰ ਗਰਮਜੋਸ਼ੀ ਅਤੇ ਤਾਲਮੇਲ ਦਿਸਿਆ।
Narendra Modi-Xi Jinping meet in Chennai
ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਸ਼ੁਕਰਵਾਰ ਨੂੰ ਜਦੋਂ ਚੇਨਈ ਪੁੱਜੇ ਅਤੇ ਇੱਥੋਂ ਮਮਲਾਪੁਰਮ ਗਏ ਤਾਂ ਲੋਕ ਨਚਾਰਾਂ ਅਤੇ ਭਰਤਨਾਟਿਅਮ ਕਲਾਕਾਰਾਂ ਨੇ ਤਮਿਲ ਸਭਿਆਚਾਰ ਪੇਸ਼ਕਾਰੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ 'ਚ ਬੱਚਿਆਂ ਨੇ ਭਾਰਤੀ ਅਤੇ ਚੀਨੀ ਝੰਡੇ ਲਹਿਰਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਚਿਨਫ਼ਿੰਗ ਤੋਂ ਪਹਿਲਾਂ ਹੈਲੀਕਾਪਟਰ ਨਾਲ ਮਮਲਾਪੁਰਮ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਜੁਨ ਤਪਸਿਆ ਸਮਾਰਕ 'ਤੇ ਚੀਨੀ ਆਗੂ ਦੀ ਅਗਵਾਨੀ ਕੀਤੀ। ਰਵਾਇਤੀ ਤਮਿਲ ਪਹਿਰਾਵੇ ਧੋਤੀ, ਅੰਗਵਸਤਰਮ ਅਤੇ ਕਮੀਜ਼ ਪਾ ਕੇ ਆਏ ਮੋਦੀ ਨੇ ਸ਼ੀ ਚਿਨਫ਼ਿੰਗ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਦੋਹਾਂ ਆਗੂਆਂ ਨੇ ਇਕ-ਦੂਜੇ ਦਾ ਹਾਲਚਾਲ ਪੁਛਿਆ।
Narendra Modi-Xi Jinping meet in Chennai
ਇਸ ਤੋਂ ਪਹਿਲਾਂ ਚਿਨਫ਼ਿੰਗ ਇੱਥੇ ਹਵਾਈ ਅੱਡੇ 'ਤੇ ਪੁੱਜੇ ਤਾਂ ਉਨ੍ਹਾਂ ਦੇ ਸਵਾਗਤ ਲਈ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਕੇ. ਪਲਾਨੀਸਵਾਮੀ, ਉਪ ਮੁੱਖ ਮੰਤਰੀ ਓ. ਪਨੀਰਸੇਲਵਮ ਅਤੇ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ ਪੀ. ਧਨਪਾਲ ਉਥੇ ਮੌਜੂਦ ਸਨ। ਲਗਭਗ 500 ਤਮਿਲ ਲੋਕ ਕਲਾਕਾਰਾਂ ਨੇ 'ਤਾਪੱਟਮ' ਅਤੇ 'ਪੋਈ ਕਲ ਕੁਠਿਰਾਈ' ਸਮੇਤ ਤਮਿਲ ਸਭਿਆਚਾਰਕ ਪੇਸ਼ਕਾਰੀਆਂ ਦਿਤੀਆਂ। ਰੰਗ-ਬਿਰੰਗੀਆਂ ਪੋਸ਼ਾਕਾਂ 'ਚ ਸਜੀਆ ਔਰਤਾਂ ਨੇ ਭਰਮਨਾਟਿਅਮ ਦੀ ਪੇਸ਼ਕਾਰੀ ਦਿਤੀ। ਮੁਸਕੁਰਾਉਂਦੇ ਹੋਏ ਸ਼ੀ ਚਿਨਫ਼ਿੰਗ ਨੇ ਕਲਾਕਾਰਾਂ ਵਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਸਵੀਕਾਰਿਆ।
Narendra Modi-Xi Jinping meet in Chennai
ਚਿਨਫ਼ਿੰਗ ਦੇ ਗੱਡੀ 'ਚ ਬੈਠਣ ਤੋਂ ਪਹਿਲਾਂ ਮੰਦਰ ਦੇ ਪੁਜਾਰੀਆਂ ਨੇ ਰਵਾਇਤੀ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਨੇ ਚਿਨਫ਼ਿੰਗ ਨੂੰ ਅਰਜੁਨ ਤਪੱਸਿਆ ਸਥਲੀ ਅਤੇ ਤਟ ਮੰਦਰ ਦੇ ਦਰਸ਼ਰ ਕਰਵਾਏ ਅਤੇ ਇਨ੍ਹਾਂ ਥਾਵਾਂ ਦਾ ਮਹੱਤਵ ਸਮਝਾਇਆ। ਇਸ ਤੋਂ ਬਾਅਦ ਦੋਹਾਂ ਨੇ ਪੰਚ ਰਥ ਥਾਂ 'ਤੇ ਨਾਰੀਅਲ ਪਾਣੀ ਪੀਤਾ ਅਤੇ ਗੱਲਬਾਤ ਦੀ ਸ਼ੁਰੂਆਤ ਕੀਤੀ। ਮਹਾਬਲੀਪੁਰਮ 'ਚ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਮੋਦੀ-ਚਿਨਫ਼ਿੰਗ ਰਾਤ ਦਾ ਖਾਣਾ ਖਾਣਗੇ।