
ਘਰ ਤੋਂ ਕੰਮ ਕਰਨ ਦੀ ਸਹੂਲਤ ਨੂੰ ਵੀ ਕੀਤਾ ਖਤਮ
ਨਵੀਂ ਦਿੱਲੀ: ਟਵਿਟਰ ਦੀ ਕਮਾਨ ਸੰਭਾਲਣ ਮਗਰੋਂ ਐਲੋਨ ਮਸਕ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸ ਦੇ ਚਲਦਿਆਂ ਕਈ ਕਰਮਚਾਰੀਆਂ ਦੀ ਛਾਂਟੀ ਵੀ ਕੀਤੀ ਗਈ ਅਤੇ ਕਈ ਕਰਮਚਾਰੀਆਂ ਨੇ ਆਪ ਹੀ ਅਸੀਤਫੇ ਦੇ ਦਿੱਤੇ। ਹੁਣ ਐਲੋਨ ਮਸਕ ਨੇ ਟਵਿਟਰ ਸਟਾਫ ਲਈ ਨਵੀਆਂ ਚਿਤਾਵਨੀਆਂ ਜਾਰੀ ਕੀਤੀਆਂ ਹਨ।
ਇਕ ਰਿਪੋਰਟ ਅਨੁਸਾਰ ਟਵਿਟਰ ਦੇ ਕਰਮਚਾਰੀਆਂ ਨੂੰ ਹਰ ਹਫ਼ਤੇ 80 ਘੰਟੇ ਕੰਮ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਵੱਲ਼ੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਵੀ ਕਟੌਤੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਹੁਣ ਟਵਿਟਰ ਦੇ ਸਟਾਫ ਨੂੰ ਮੁਫ਼ਤ ਖਾਣਾ ਨਹੀਂ ਮਿਲੇਗਾ। ਐਲੋਨ ਮਸਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਦਿੱਤੀਆਂ ਗਈਆਂ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਹਨ।
ਇਹਨਾਂ ਵਿਚ ਘਰ ਤੋਂ ਕੰਮ ਕਰਨ ਦੀ ਸਹੂਲਤ ਨੂੰ ਵੀ ਖਤਮ ਕਰ ਦਿੱਤਾ ਗਿਆ। ਰਿਪੋਰਟ ਅਨੁਸਾਰ ਐਲੋਨ ਮਸਕ ਨੇ ਕਿਹਾ, ‘ਜੇਕਰ ਤੁਸੀਂ ਨਹੀਂ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ ਅਸਤੀਫ਼ਾ ਮਨਜ਼ੂਰ ਹੈ’। ਕੰਪਨੀ ਦੇ ਭਵਿੱਖ ਅਤੇ ਵਿੱਤੀ ਹਾਲਾਤ ’ਤੇ ਗੱਲ ਕਰਦਿਆਂ ਮਸਕ ਨੇ ਕਿਹਾ ਕਿ ਕੰਪਨੀ ਨੂੰ 8 ਡਾਲਰ ਸਬਸਕ੍ਰਿਪਸ਼ਨ ਪ੍ਰੋਡਕਟ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਐਲੋਨ ਮਸਕ ਕਰਮਚਾਰੀਆਂ ਨੂੰ ਕੰਪਨੀ ਦੀ ਖਸਤਾ ਹਾਸਲ ਦਾ ਹਵਾਲਾ ਦਿੰਦੇ ਹੋਏ ਟਵਿਟਰ ਦੇ ਦਿਵਾਲੀਆ ਹੋਣ ਦਾ ਡਰ ਵੀ ਦਿਖਾ ਚੁੱਕੇ ਹਨ।