
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਅੱਜ ਵੱਖੋ-ਵੱਖ ਸਿਆਸੀ ਪਾਰਟੀਆਂ ਵਿਚਕਾਰ ਡੂੰਘੀ...
ਨਵੀਂ ਦਿੱਲੀ, 11 ਦਸੰਬਰ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਅੱਜ ਵੱਖੋ-ਵੱਖ ਸਿਆਸੀ ਪਾਰਟੀਆਂ ਵਿਚਕਾਰ ਡੂੰਘੀ ਵਿਚਾਰ-ਚਰਚਾ ਦਾ ਦੌਰ ਚਲਿਆ। ਇਨ੍ਹਾਂ ਚੋਣਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਮੀਫ਼ਾਈਨਲ ਦਸਿਆ ਜਾ ਰਿਹਾ ਹੈ ਜਿਸ 'ਚ ਕਾਂਗਰਸ ਦਾ ਕਹਿਣਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਮੰਗਲਵਾਰ ਨੂੰ 'ਸਪੱਸ਼ਟ ਸੰਦੇਸ਼' ਦੇਣਗੇ। ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖ਼ਾਰਜ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਦਾ ਕਹਿਣਾ ਹੈ।
ਕਿ ਆਖ਼ਰੀ ਨਤੀਜਿਆਂ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬਿਆਂ 'ਚ ਚੋਣਾਂ ਦੇ ਨਤੀਜਿਆਂ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਨਹੀਂ ਪਵੇਗਾ। ਐਗਜ਼ਿਟ ਪੋਲ ਦੇ ਨਤੀਜਿਆਂ 'ਚ ਘੱਟ ਤੋਂ ਘੱਟ ਚਾਰ ਸੂਬਿਆਂ 'ਚ ਕਾਂਗਰਸ ਲਈ ਸਪੱਸ਼ਟ ਬਹੁਮਤ ਦੀ ਭਵਿੱਖਬਾਣੀ ਕੀਤੀ ਗਈ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਹੌਸਲਾ ਉਸ ਸਮੇਂ ਵਧਿਆ ਜਦੋਂ ਉਪਿੰਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਸਤਾਧਾਰੀ ਐਨ.ਡੀ.ਏ. ਗਠਜੋੜ ਤੋਂ ਬਾਹਰ ਚਲੀ ਗਈ। ਨਾਲ ਹੀ ਅਪਣੀ ਤਾਕਤ ਦਰਸਾਉਣ ਲਈ ਗ਼ੈਰ-ਭਾਜਪਾ ਪਾਰਟੀਆਂ ਨੇ ਇਕ ਮੰਚ 'ਤੇ ਆ ਕੇ ਅਪਣੀ ਇਕਜੁਟਤਾ ਪ੍ਰਗਟਾਈ।
ਤੇਲੰਗਾਨਾ 'ਚ ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੁਦੀਨ ਉਵੈਸੀ ਨੇ ਕਾਰਜਕਾਰੀ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਉ ਨਾਲ ਮਿਲ ਕੇਅਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਟੀ.ਆਰ.ਐਸ. ਮੁੜ ਸੱਤਾ 'ਚ ਪਰਤੇਗੀ ਜਦਕਿ ਭਾਜਪਾ ਨੇ ਵੀ ਸੰਭਾਵਤ ਹਮਾਇਤ ਦੇ ਸੰਕੇਤ ਦਿਤੇ। ਹਾਲਾਂਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੇ ਉਮੀਦ ਪ੍ਰਗਟਾਈ ਕਿ ਉਹ ਕੇ.ਸੀ.ਆਰ. ਨੂੰ ਸੱਤਾ ਤੋਂ ਬੇਦਖ਼ਲ ਕਰੇਗੀ ਅਤੇ ਅਗਲੀ ਸਰਕਾਰ ਬਣਾਏਗੀ। ਕਾਂਗਰਸ ਨੇ ਰਾਜਪਾਲ ਈ.ਐਸ.ਐਲ. ਨਰਸਿਮਹਨ ਨੂੰ ਕਿਹਾ ਕਿ ਜੇ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਹੈ।
ਤਾਂ ਇਸ ਨੂੰ ਇਕ ਪਾਰਟੀ ਦੇ ਤੌਰ 'ਤੇ ਲਿਆ ਜਾਣਾ ਚਾਹੀਦਾ ਹੈ। ਮੱਧ ਪ੍ਰਦੇਸ਼ 'ਚ ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਨੂੰ ਘੱਟ ਤੋਂ ਘੱਟ 140 ਸੀਟਾਂ ਮਿਲਣਗੀਆਂ ਅਤੇ ਉਹ ਬਹੁਮਤ ਦੀ ਸਰਕਾਰ ਬਣਾਏਗੀ। ਪੰਜ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਐਗਜ਼ਿਟ ਪੋਲ 'ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਕਾਰ ਸਖ਼ਤ ਮੁਕਾਬਲਾ ਦਿਸ ਰਿਹਾ ਹੈ। (ਪੀਟੀਆਈ)