
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੋਮਵਾਰ ਨੂੰ ਬੁਲਾਈ ਸਰਬ ਪਾਰਟੀ ਬੈਠਕ ਵਿਚ ਕਿਹਾ ਕਿ ਸੰਸਦ ਵਿਚ...
ਨਵੀਂ ਦਿੱਲੀ, 11 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੋਮਵਾਰ ਨੂੰ ਬੁਲਾਈ ਸਰਬ ਪਾਰਟੀ ਬੈਠਕ ਵਿਚ ਕਿਹਾ ਕਿ ਸੰਸਦ ਵਿਚ ਸੁਚਾਰੂ ਰੂਪ ਵਿਚ ਕੰਮਕਾਜ ਚਲਾਉਣ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਇਕ ਦੂਜੇ ਦਾ ਸਹਿਯੋਗ ਦੇਦਾ ਚਾਹੀਦੈ, ਜੋ ਜਨਹਿਤ ਵਿਚ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੈਫਕ ਵਿਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ (ਪ੍ਰਧਾਨ ਮੰਤਰੀ ਨੇ) ਵਿਰੋਧੀ ਧਿਰ ਨੂੰ ਭਰੋਸਾ ਦਵਾਇਆ ਸੀ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਦੀ ਇੱਛੁਕ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਇਹ ਸੁਝਾਅ ਵੀ ਦਿਤਾ ਹੈ ਕਿ ਦੋਵੇਂ ਸਦਨ ਅਹਿਮ ਵਿਧਾਨਕ ਕੰਮ ਕਰਨ ਅਤੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਲਈ ਦੇਰ ਤਕ ਕੰਮਕਾਜ ਕਰ ਸਕਦੇ ਹਨ। ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ, ਦੋਵੇਂ ਹੀ ਸੰਸਦ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸਹਿਯੋਗ ਦੇਣ ਕਿਉਂਕਿ ਇਹ ਹੀ ਜਨਹਿੱਤ ਵਿਚ ਹੈ। ਮੰਤਰੀ ਨੇ ਕਿਹਾ ਕਿ ਮੋਦੀ ਨੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਇਹ ਵੀ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਦੀ ਇੱਛਾ ਰੱਖਦੀ ਹੈ।
ਇਸ ਇਜਲਾਸ ਦੌਰਾਨ ਸਰਕਾਰ ਪੂਰਕ ਗ੍ਰਾਂਟਾਂ ਦੀ ਮੰਗ ਪੇਸ਼ ਕਰੇਗੀ, ਜਿਸ ਦੇ ਜ਼ਰੀਏ ਉਹ ਹੋਰ ਵਧੇਰੇ ਖ਼ਰਚੇ ਲਈ ਸੰਸਦ ਦੀ ਮਨਜ਼ੂਰੀ ਲਏਗੀ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੋਮਵਾਰ ਨੂੰ ਕਿਹਾ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਰਾਫ਼ੇਲ ਜਹਾਜ਼ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਅਤੇ ਰਿਜ਼ਰਵ ਬੈਂਕ ਦੀ ਖ਼ੁਦਮੁਖ਼ਤਿਆਰੀ ਅਤੇ ਜਾਂਚ ਏਜੰਸੀਆਂ ਦੇ ਕਥਿਤ ਗ਼ਲਤ ਪ੍ਰਯੋਗ ਸਣੇ ਕਈ ਹੋਰ ਮੁੱਦੇ ਚੁੱਕੇ ਜਾਣਗੇ। ਸਰਬ ਪਾਰਟੀ ਬੈਠਕ ਮਗਰੋਂ ਰਾਜਸਭਾ ਦੇ ਨੇਤਾ ਆਜ਼ਾਦ ਨੇ ਕਿਹਾ ਕਿ,
ਵਿਰੋਧੀ ਧਿਰ 58,000 ਕਰੋੜ ਰੁਪਏ ਦੇ ਰਾਫ਼ੇਲ ਸੌਦੇ ਦੀ ਜਾਂਚ ਲਈ ਜੇਪੀਸੀ ਦੇ ਗਠਨ ਦੀ ਮੰਗ 'ਤੇ ਫ਼ਿਰ ਤੋਂ ਜ਼ੋਰ ਦੇਵੇਗਾ।
ਕਾਂਗਰਸ ਰਾਫ਼ੇਲ ਸੌਦੇ ਵਿਚ ਭ੍ਰਿਸ਼ਾਟਾਚਾਰ ਦਾ ਦੋਸ਼ ਲਗਾ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜਨੀਤਿਕ ਵਿਰੋਧੀਆਂ ਵਿਰੁਧ ਜਾਂਚ ਏਜੰਸੀਆਂ ਦੇ ਗ਼ਲਤ ਪ੍ਰਯੋਗ ਦਾ ਮੁੱਦਾ ਵੀ ਇਸ ਇਜਲਾਸ ਵਿਚ ਚੁੱਕਿਆ ਜਾਵੇਗਾ। (ਪੀਟੀਆਈ)