
ਮੁਲਜ਼ਮ ਦੀ ਪਛਾਣ ਇਸਲਾਮਪੁਰ ਦੇ ਸਤਿਆਰਗੰਜ ਵਾਸੀ ਮਰਹੂਮ ਪ੍ਰਮੋਦ ਕੁਮਾਰ ਦੇ 21 ਸਾਲਾ ਪੁੱਤਰ ਸ਼ੁਭਮ ਆਦਿਤਿਆ ਵਜੋਂ ਹੋਈ ਹੈ।
ਪਟਨਾ: ਨਾਲੰਦਾ 'ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੰਵਾਦ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਪ੍ਰੋਗਰਾਮ ਵਿਚ ਅਚਾਨਕ ਹੋਏ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਥਾਂ 'ਤੇ ਇਹ ਧਮਾਕਾ ਹੋਇਆ ਸੀ, ਉਹ ਸੀਐਮ ਨਿਤੀਸ਼ ਕੁਮਾਰ ਤੋਂ ਮਹਿਜ਼ 15 ਫੁੱਟ ਦੂਰ ਸੀ। ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੇ ਕਿਸੇ ਵਿਸਫੋਟਕ ਸਮੱਗਰੀ ਵਿਚ ਮਾਚਿਸ ਸੁੱਟ ਕੇ ਇਸ ਧਮਾਕੇ ਨੂੰ ਅੰਜਾਮ ਦਿੱਤਾ ਹੈ।
ਮੁਲਜ਼ਮ ਦੀ ਪਛਾਣ ਇਸਲਾਮਪੁਰ ਦੇ ਸਤਿਆਰਗੰਜ ਵਾਸੀ ਮਰਹੂਮ ਪ੍ਰਮੋਦ ਕੁਮਾਰ ਦੇ 21 ਸਾਲਾ ਪੁੱਤਰ ਸ਼ੁਭਮ ਆਦਿਤਿਆ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦਾ ਧਿਆਨ ਕੌਮੀ ਮੁੱਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਨ ਸੰਵਾਦ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਅਰਜ਼ੀਆਂ ਲੈ ਰਹੇ ਨਿਤੀਸ਼ ਨੇ ਜਦੋਂ ਉਸ ਦੀ ਗੱਲ ਨਹੀਂ ਸੁਣੀ ਤਾਂ ਉਸ ਅਜਿਹਾ ਕੀਤਾ। ਉਸ ਕੋਲੋਂ ਪਟਾਕੇ ਅਤੇ ਮਾਚਿਸ ਬਰਾਮਦ ਹੋਏ।
ਦੱਸ ਦੇਈਏ ਕਿ ਸੀਐਮ ਨਿਤੀਸ਼ ਇਸ ਸਮੇਂ ਆਪਣੀ ਜਨਸੰਵਾਦ ਯਾਤਰਾ 'ਤੇ ਹਨ। ਮੰਗਲਵਾਰ ਨੂੰ ਉਹ ਸਿਲਾਓ ਵਿਚ ਸ਼੍ਰੀ ਗਾਂਧੀ ਪਲੱਸ ਟੂ ਹਾਈ ਸਕੂਲ ਦੇ ਅੱਗੇ ਠਾਕੁਰਬਾੜੀ ਮੈਦਾਨ ਵਿਚ ਪਾਰਟੀ ਦੇ ਨਵੇਂ ਅਤੇ ਪੁਰਾਣੇ ਵਰਕਰਾਂ ਨੂੰ ਮਿਲ ਰਹੇ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਲੋਕਾਂ ਤੋਂ ਅਰਜ਼ੀਆਂ ਲੈ ਰਹੇ ਸਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪ੍ਰੋਗਰਾਮ 'ਚ ਸੁਰੱਖਿਆ ਵਿਵਸਥਾ 'ਚ ਇਕ ਹੋਰ ਵੱਡੀ ਕੁਤਾਹੀ ਸਾਹਮਣੇ ਆਈ ਸੀ। ਹਾਲ ਹੀ 'ਚ ਪਟਨਾ ਦੇ ਬਖਤਿਆਰਪੁਰ 'ਚ ਇਕ ਨੌਜਵਾਨ ਨੇ ਸੀਐੱਮ ਨਿਤੀਸ਼ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਂਚ 'ਚ ਪਤਾ ਲੱਗਾ ਹੈ ਕਿ ਨੌਜਵਾਨ ਮਾਨਸਿਕ ਤੌਰ 'ਤੇ ਬਿਮਾਰ ਸੀ।