
‘ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਸਰਕਾਰਾਂ ਨਾਲ ਡੂੰਘਾ ਗਿਲਾ’
ਪਿਛਲੇ ਕਈ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਦੋਵਾਂ ਦੇਸ਼ਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ, ਡਰੋਨ ਤੇ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਸਨ। ਜਿਸ ਦੌਰਾਨ ਪਾਕਿਸਤਾਨ ਵਲੋਂ ਸਭ ਤੋਂ ਵੱਧ ਭਾਰਤ ਦੇ ਪੁੰਛ ਨੂੰ ਨਿਸ਼ਾਨਾ ਬਣਾਇਆ ਗਿਆ। ਜਿਥੇ ਪਾਕਿਸਤਾਨ ਵਲੋਂ ਧਾਰਮਕ ਸਥਾਨਾਂ, ਗੁਰੂ ਘਰਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ।
ਜਿਸ ਦੌਰਾਨ ਸਿੱਖ ਭਾਈਚਾਰੇ ਦੇ ਪੰਜ ਲੋਕਾਂ ਤੇ ਬੱਚਿਆਂ ਸਮੇਤ ਕੁੱਲ 16 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਪਰ ਫਿਰ ਵੀ ਸਿੱਖ ਭਾਈਚਾਰੇ ਤੇ ਲੋਕਾਂ ਦੇ ਹੌਸਲੇ ਬੁਲੰਦ ਰਹੇ। ਪੁੰਛ ਵਿਚ ਸਿੱਖ, ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕ ਮਿਲ ਕੇ ਰਹਿੰਦੇ ਹਨ ਇਹੋ ਹੀ ਸਾਡੇ ਸਮਾਜ ਤੇ ਪੁੰਛ ਦੀ ਤਾਕਤ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਪੁੰਛ ਦੇ ਗੁਰੂਘਰ ’ਚ ਪਾਕਿਸਤਾਨ ਵਲੋਂ ਕੀਤੇ ਹਮਲੇ ਦੌਰਾਨ ਮਾਰੇ ਗਏ ਰਾਗੀ ਭਾਈ ਅਮਰੀਕ ਸਿੰਘ ਦੇ ਘਰ ਪਹੁੰਚੀ।
ਜਿਥੇ ਭਾਈ ਅਮਰੀਕ ਸਿੰਘ ਦੇ ਘਰ ਸਿੱਖ, ਹਿੰਦੂ ਤੇ ਮੁਸਲਿਮ ਆਦਿ ਭਾਈਚਾਰੇ ਦੇ ਲੋਕ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸਨ। ਭਾਈ ਅਮਰੀਕ ਸਿੰਘ ਦੇ ਚਾਚਾ ਮਨੋਹਰ ਸਿੰਘ ਨੇ ਕਿਹਾ ਕਿ ਅਮਰੀਕ ਸਿੰਘ ਆਪਣੀ ਡਿਊਟੀ ਪੂਰੀ ਕਰ ਕੇ ਘਰ ਆ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵਲੋਂ ਇਕ ਡਰੋਨ ਜਾਂ ਬੰਬ ਇਥੇ ਸੁਟਿਆ ਜਾਂਦਾ ਹੈ ਜੋ ਸ਼ਟਰ ਤੋੜ ਕੇ ਅੰਦਰ ਤਕ ਆ ਗਿਆ, ਜੋ ਅਮਰੀਕ ਸਿੰਘ ਦੇ ਆ ਕੇ ਵਜਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
photo
ਜਿਸ ਦੌਰਾਨ ਅਮਰੀਕ ਸਿੰਘ ਦਾ ਵੱਡਾ ਭਰਾ ਵੀ ਜ਼ਖ਼ਮੀ ਹੋ ਗਿਆ ਸੀ ਤੇ ਉਹ ਹੁਣ ਜੰਮੂ ਦੇ ਹਸਪਤਾਲ ’ਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਦਾ ਇਕ ਗ਼ਰੀਬ ਪਰਿਵਾਰ ਹੈ, ਜਿਸ ਦਾ ਗੁਜ਼ਾਰਾ ਅਮਰੀਕ ਸਿੰਘ ਦੀ ਕਮਾਈ ਤੋਂ ਹੀ ਚਲਦਾ ਸੀ। ਅਮਰੀਕ ਸਿੰਘ ਦੇ ਪਰਿਵਾਰ ਵਿਚ ਉਸ ਦੀ ਪਤਨੀ, ਦੋ ਧੀਆਂ ਤੇ ਇਕ ਮੁੰਡਾ ਹੈ।
ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਮਰੀਕ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ ਤਾਂ ਜੋ ਆਪਣਾ ਗੁਜ਼ਾਰਾ ਚਲਾ ਸਕਣ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਪੁੰਛ ਬਹੁਤ ਵੱਡਾ ਸ਼ਹਿਰ ਜਾਂ ਜ਼ਿਲ੍ਹਾ ਹੈ ਪਰ ਇਥੇ ਕੋਈ ਚੰਗਾ ਹਸਪਤਾਲ ਵੀ ਨਹੀਂ ਹੈ। ਅਸੀਂ ਇਥੇ ਸਰਹੱਦ ਨੇੜੇ ਰਹਿੰਦੇ ਹਨ ਸਰਕਾਰਾਂ ਨੂੰ ਇਥੇ ਬੰਕਰ ਬਣਾਉਣੇ ਚਾਹੀਦੇ ਹਨ ਤਾਂ ਜੋ ਅਜਿਹੇ ਹਾਲਾਤ ਵਿਚ ਲੋਕਾਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨਾਲ ਜੰਗ ਛੇੜਨੀ ਹੀ ਸੀ ਤਾਂ ਪਹਿਲਾਂ ਸਰਕਾਰ ਨੂੰ ਜਨਤਾ ਦੇ ਬਚਾਅ ਲਈ ਕੁੱਝ ਕਰਨਾ ਚਾਹੀਦਾ ਸੀ। ਹੁਣ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਪਿਆ ਘਾਟਾ ਕਿਸ ਤਰ੍ਹਾਂ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਨੇ ਸਿੰਦੂਰ ਅਪਰੇਸ਼ਨ ਚਲਾਇਆ ਦੂਜੇ ਪਾਸੇ ਕਈ ਹੋਰਾਂ ਦੇ ਸਿੰਦੂਰ ਖ਼ਤਮ ਕਰ ਦਿਤੇ ਹਨ। ਪੁੰਛ ਦੇ ਲੋਕਾਂ ਦੀ ਗੱਲ ਤਾਂ ਸਰਕਾਰਾਂ ਤਕ ਪਹੁੰਚਦੀ ਹੀ ਨਹੀਂ।
ਇਕ ਮੁਸਲਿਮ ਭਾਈ ਨੇ ਕਿਹਾ ਕਿ ਅਸੀਂ ਪੁੰਛ ਵਿਚ ਸਾਰੇ ਮਿਲਜੁਲ ਕੇ ਰਹਿੰਦੇ ਹਾਂ। 1947 ਤੋਂ ਲੈ ਕੇ ਅੱਜ ਤਕ ਪੁੰਛ ’ਤੇ ਇੰਨਾ ਵੱਡਾ ਹਮਲਾ ਨਹੀਂ ਹੋਇਆ ਜਿੰਨਾ ਵੱਡਾ ਹਮਲਾ ਹੁਣ ਹੋਇਆ ਹੈ। ਸਾਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਹਮਲਾ ਹੋ ਜਾਵੇਗਾ ਤੇ ਸਾਨੂੰ ਸੰਭਲਣ ਦਾ ਸਮਾਂ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਬਹੁਤ ਹੀ ਚੰਗੇ ਤੇ ਸਰੀਫ਼ ਇਨਸਾਨ ਸਨ ਜੋ ਸਭ ਨਾਲ ਮਿਲਜੁਲ ਕੇ ਰਹਿੰਦੇ ਸਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜਾਣ ਦਾ ਬਹੁਤ ਦੁੱਖ ਹੈ।
ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਪਾਕਿਸਤਾਨ ਨੂੰ ਇਹ ਪੁਛਣਾ ਚਾਹੁੰਦਾ ਹਾਂ ਕਿ ਬੁਧਵਾਰ ਨੂੰ ਜੋ ਅਸੀਂ 11 ਲਾਸ਼ਾਂ ਚੁੱਕੀਆਂ ਹਨ ਉਨ੍ਹਾਂ ਦਾ ਕੀ ਕਸੂਰ ਸੀ। ਕਿਆ ਇਹ ਪਾਕਿਸਤਾਨ ਦੇ ਦੁਸ਼ਮਣ ਸੀ ਜਾਂ ਫਿਰ ਇਨਸਾਨ ਦੇ ਦੁਸ਼ਮਣ ਸਨ। ਭਾਰਤ ਸਰਕਾਰ ਨੇ ਜੇ ਪਾਕਿਸਤਾਨ ’ਤੇ ਹਮਲਾ ਕਰਨਾ ਵੀ ਸੀ ਤਾਂ ਪਹਿਲਾਂ ਪੁੰਛ ਦਾ ਇਲਾਕਾ ਖ਼ਾਲੀ ਕਰਵਾਉਣਾ ਚਾਹੀਦਾ ਸੀ।
ਜੋ ਲੋਕ ਲੜਾਈ ਦੌਰਾਨ ਮਾਰੇ ਗਏ ਕੀ ਉਨ੍ਹਾਂ ਦੇ ਪਰਿਵਾਰਾਂ ਨੂੰ ਪਿਆ ਘਾਟਾ ਕੋਈ ਪੂਰਾ ਕਰ ਪਾਵੇਗਾ। ਅਮਰੀਕ ਸਿੰਘ ਦੇ ਘਰ ਉਨ੍ਹਾਂ ਦੀ ਕਮਾਈ ਨਾਲ ਹੀ ਚਲਦਾ ਸੀ ਇਸ ਕਰ ਕੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ।