
ਉਲੰਘਣ ਕਰਨ 'ਤੇ ਲੱਗੇਗਾ ਦੁੱਗਣਾ ਜੁਰਮਾਨਾ
ਨਵੀਂ ਦਿੱਲੀ : ਰੇਡੀਓ ਫਰੀਕਵੈਂਸੀ ਪਛਾਣ (ਆਰ.ਐੱਫ.ਆਈ.ਡੀ.) ਟੈਗ ਵਾਲੇ ਵਪਾਰਕ ਵਾਹਨਾਂ ਨੂੰ ਸ਼ੁੱਕਰਵਾਰ ਤੋਂ ਜ਼ਰੂਰੀ ਰੂਪ ਨਾਲ ਨਕਦ ਰਹਿਤ (ਕੈਸ਼ਲੈੱਸ) ਭੁਗਤਾਨ ਲਈ ਤਿਆਰ ਰਹਿਣਾ ਹੋਵੇਗਾ ਅਤੇ ਅਜਿਹਾ ਨਾ ਹੋਣ ਦੀ ਸਥਿਤੀ 'ਚ ਉਨ੍ਹਾਂ ਨੂੰ ਸਜ਼ਾ ਵਜੋਂ ਦੁੱਗਣੀ ਟੈਕਸ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਦੱਖਣੀ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਰ.ਐੱਫ.ਆਈ.ਡੀ. ਪ੍ਰਣਾਲੀ ਵਪਾਰਕ ਵਾਹਨਾਂ ਤੋਂ ਐੱਮ.ਸੀ.ਡੀ. ਟੈਕਸ ਅਤੇ ਵਾਤਾਵਰਣ ਮੁਆਵਜ਼ਾ ਫੀਸ (ਈ.ਸੀ.ਸੀ.) ਦਾ ਮੁੜ ਸੰਗ੍ਰਹਿ ਕਰਨ ਦੀ ਮਨਜ਼ੂਰੀ ਦਿੰਦੀ ਹੈ। ਇਸ ਪ੍ਰਣਾਲੀ ਨੂੰ 24 ਅਗੱਸਤ ਨੂੰ ਸ਼ਹਿਰ ਦੇ 13 ਰੁਝੇ ਸਰਹੱਦ ਬਿੰਦੂਆਂ 'ਤੇ ਲਾਗੂ ਕੀਤਾ ਗਿਆ ਸੀ।
13 toll plaza in delhi to go cashless
ਇਸ ਦਾ ਮਕਸਦ ਸੜਕਾਂ 'ਤੇ ਲੱਗਣ ਵਾਲੇ ਜਾਮ ਅਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਪ੍ਰਣਾਲੀ ਨਾਲ ਜਿੱਥੇ ਮਾਲੀਆ ਚੋਰੀ ਬਚੇਗੀ, ਉੱਥੇ ਹੀ ਪਾਰਦਰਸ਼ਤਾ ਵੀ ਯਕੀਨੀ ਹੋਵੇਗੀ। ਦੱਖਣੀ ਦਿੱਲੀ ਨਗਰ ਨਿਗਮ ਦੇ ਐਡੀਸ਼ਨ ਕਮਿਸ਼ਨਰ ਰਣਧੀਰ ਸਹਾਏ ਨੇ ਦਸਿਆ ਕਿ ਵੱਡੀ ਗਿਣਤੀ 'ਚ ਵਪਾਰਕ ਵਾਹਨਾਂ ਦੇ ਮਾਲਕਾਂ ਨੇ ਉਨ੍ਹਾਂ ਦੇ ਆਰ.ਐਫ਼.ਆਈ.ਡੀ. ਖਾਤਿਆਂ ਨੂੰ ਰਿਚਾਰਜ ਨਹੀਂ ਕਰਵਾਇਆ ਹੈ। ਨਤੀਜੇ ਵਜੋਂ ਨਵੀਂ ਸ਼ੁਰੂ ਕੀਤੀ ਗਈ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਕੈਸ਼ਲੈੱਸ ਨਹੀਂ ਹੋ ਸਕੀ ਹੈ।
13 toll plaza in delhi to go cashless
ਉਨ੍ਹਾਂ ਨੇ ਦਸਿਆ, ''ਆਰ.ਐਫ਼.ਆਈ.ਡੀ. ਪ੍ਰਾਜੈਕਟ ਦਾ ਇਕ ਮੁੱਖ ਮਕਸਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਬਣਾ ਕੇ ਟੋਲ ਪਲਾਜ਼ਾ 'ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਨੂੰ ਘੱਟ ਕਰਨਾ ਹੈ। ਇਸ ਨੂੰ ਸਫ਼ਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਵਾਹਨ ਮਾਲਕ ਅਪਣੇ ਆਰ.ਐਫ਼.ਆਈ.ਡੀ. ਖਾਤਿਆਂ ਨੂੰ ਰਿਚਾਰਜ ਕਰਵਾਉਣ।'' ਉਨ੍ਹਾਂ ਨੇ ਦਸਿਆ ਕਿ 24 ਅਗੱਸਤ ਨੂੰ ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਸਿਰਫ਼ ਗੈਰ-ਆਰ.ਐਫ਼.ਆਈ.ਡੀ. ਵਪਾਰਕ ਵਾਹਨਾਂ ਨੂੰ ਹੀ ਜ਼ੁਰਮਾਨਾ ਦੇਣਾ ਪੈਂਦਾ ਸੀ ਅਤੇ ਆਰ.ਐੱਫ.ਆਈ.ਡੀ. ਟੈਗ ਵਾਲੇ ਵਾਹਨਾਂ ਨੂੰ ਵਾਲੇਟ ਜੇਕਰ ਰਿਚਾਰਜ ਨਹੀਂ ਹੈ ਤਾਂ ਉਨ੍ਹਾਂ ਕੋਲ ਨਕਦ ਭੁਗਤਾਨ ਦਾ ਬਦਲ ਮੌਜੂਦ ਰਹੇਗਾ।
13 toll plaza in delhi to go cashless
ਸਹਾਏ ਨੇ ਕਿਹਾ, ''ਸ਼ੁਕਰਵਾਰ ਨੂੰ ਪ੍ਰਣਾਲੀ ਪੂਰੀ ਤਰ੍ਹਾਂ ਕੈਸ਼ਲੈੱਸ ਹੋ ਜਾਵੇਗੀ। 13 ਟੋਲ ਪਲਾਜ਼ਾ 'ਤੇ ਕੋਈ ਨਕਦ ਰਾਸ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਲੋਕਾਂ ਨੇ ਆਪਣੇ ਖਾਤੇ ਰਿਚਾਰਜ ਨਹੀਂ ਕਰਵਾਏ ਹਨ, ਉਨ੍ਹਾਂ ਨੂੰ ਟੈਕਸ ਦੀ ਦੁੱਗਣੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਕਾਲੀ ਸੂਚੀ 'ਚ ਪਾ ਦਿਤਾ ਜਾਵੇਗਾ।'' ਉਨ੍ਹਾਂ ਨੇ ਦਸਿਆ ਕਿ ਹੁਣ ਤਕ 3 ਲੱਖ 60 ਹਜ਼ਾਰ ਆਰ.ਐਫ਼.ਆਈ.ਡੀ. ਟੈਗ ਵਿਕ ਚੁੱਕੇ ਹਨ ਪਰ ਬਹੁਤ ਘੱਟ ਗਿਣਤੀ 'ਚ ਵਪਾਰਕ ਵਾਹਨਾਂ ਨੇ ਇਸ ਦੇ ਮਾਧਿਅਮ ਨਾਲ ਐਮ.ਸੀ.ਡੀ. ਟੈਕਸ ਅਤੇ ਈ.ਸੀ.ਸੀ. ਦਾ ਭੁਗਤਾਨ ਕੀਤਾ ਹੈ। ਵਾਹਨ ਮਾਲਕ ਅਪਣੇ ਆਰ.ਐਫ਼.ਆਈ.ਡੀ. ਖਾਤਿਆਂ ਨੂੰ ਵੈੱਬਸਾਈਟ ਈ.ਸੀ.ਸੀ.ਟੀ.ਏ.ਜੀ.ਐਸ.ਡੀ.ਐਮ.ਸੀ. ਡਾਟ ਕਾਮ ਅਤੇ ਮੋਬਾਇਲ ਐਪ 'ਐਮਸੀਡੀ ਟੋਲ' ਦੇ ਮਾਧਿਅਮ ਨਾਲ ਰਿਚਾਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ 28 ਕਿਓਸਕ 'ਤੇ ਵੀ ਅਪਣੇ ਖਾਤਿਆਂ ਨੂੰ ਰਿਚਾਰਜ ਕਰਵਾ ਸਕਦੇ ਹਨ। ਦਿੱਲੀ ਆਉਣ ਵਾਲੇ ਵਾਹਨਾਂ 'ਚੋਂ 85 ਫ਼ੀ ਸਦੀ ਇਨ੍ਹਾਂ 13 ਟੋਲ ਪਲਾਜ਼ਾ ਤੋਂ ਹੋ ਕੇ ਲੰਘਦੇ ਹਨ।