
'ਸਿੱਖ ਗੁਰੂਆਂ ਦੇ ਤਿਆਗ ਤੇ ਕੁਰਬਾਨੀ ਸਦਕਾ ਹੀ ਦੇਸ਼ ਅਤੇ ਧਰਮ ਅੱਜ ਜ਼ਿੰਦਾ'
ਲਖਨਊ : ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ ਸ਼ਰਧਾਲੂਆਂ ਦਾ ਕਰਤਾਰਪੁਰ ਸਾਹਿਬ ਜਾਣਾ ਸੰਭਵ ਹੋਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਅਸੀਂ ਨਨਕਾਣਾ ਸਾਹਿਬ ਜਾਣ ਵਿਚ ਸਫ਼ਲ ਹੋਵਾਂਗੇ।
Yogi Adityanath
ਯੋਗੀ ਨੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਸਮਾਗਮ ਵਿਚ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਨੇ ਜਿਸ ਪਵਿੱਤਰ ਥਾਂ ਕਰਤਾਰਪੁਰ ਸਾਹਿਬ ਵਿਚ ਅਪਣਾ ਆਖ਼ਰੀ ਸਮਾਂ ਗੁਜ਼ਾਰਿਆ, ਉਸ ਸਥਾਨ 'ਤੇ ਹੁਣ ਸਾਰੇ ਸ਼ਰਧਾਲੂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹਨ। ਉਹ ਦਿਨ ਦੂਰ ਨਹੀਂ ਜਦ ਅਸੀਂ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜਾਣ ਵਿਚ ਸਫ਼ਲ ਹੋਵਾਂਗੇ।
Yogi Adityanath
ਮੁੱਖ ਮੰਤਰੀ ਨੇ ਇਸ ਮੌਕੇ ਬਾਬਰ ਦੇ ਅਤਿਆਚਾਰਾਂ ਨਾਲ ਕੰਬ ਰਹੀ ਧਰਤੀ 'ਤੇ ਉਸ ਨੂੰ ਜਾਬਰ ਕਹਿਣ ਦਾ ਸਾਹਸ ਸਿਰਫ਼ ਗੁਰੂ ਨਾਨਕ ਦੇਵ ਨੇ ਹੀ ਕੀਤਾ ਸੀ। ਉਸ ਸਮੇਂ ਧਰਮ, ਸੱਚ ਆਦਿ ਕਾਰਨ ਜਦ ਵੱਡਾ ਤਬਕਾ ਡਰਿਆ ਹੋਇਆ ਸੀ ਤਦ ਗੁਰੂ ਨਾਨਕ ਨੇ ਅਪਣੇ ਗਿਆਨ ਦੇ ਪ੍ਰਕਾਸ਼ ਨਾਲ ਸਮਾਜ ਨੂੰ ਨਵੀਂ ਦਿਸ਼ਾ ਦਿਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਸਿੱਖ ਗੁਰੂਆਂ ਦੇ ਤਿਆਗ ਅਤੇ ਕੁਰਬਾਨੀ ਦੀ ਪਵਿੱਤਰ ਰਵਾਇਤ ਨੂੰ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਉਨ੍ਹਾਂ ਦੇ ਤਿਆਗ ਅਤੇ ਕੁਰਬਾਨੀ ਸਦਕਾ ਹੀ ਦੇਸ਼ ਅਤੇ ਧਰਮ ਅੱਜ ਜ਼ਿੰਦਾ ਹੈ।