ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿਚ ਜੀਵ ਵਿਗਿਆਨੀਆਂ ਨੇ ਲਗਭਗ 4.7 ਕਰੋੜ ਸਾਲ ਪੁਰਾਣੇ ਵ੍ਹੇਲ, ਸ਼ਾਰਕ ਦੰਦ, ਮਗਰਮੱਛ ਦੰਦ ਅਤੇ ਕੱਛੂ ਦੀਆਂ ਹੱਡੀਆਂ...........
ਜੈਪੁਰ : ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿਚ ਜੀਵ ਵਿਗਿਆਨੀਆਂ ਨੇ ਲਗਭਗ 4.7 ਕਰੋੜ ਸਾਲ ਪੁਰਾਣੇ ਵ੍ਹੇਲ, ਸ਼ਾਰਕ ਦੰਦ, ਮਗਰਮੱਛ ਦੰਦ ਅਤੇ ਕੱਛੂ ਦੀਆਂ ਹੱਡੀਆਂ ਜਿਹੇ ਦੁਰਲੱਭ ਅੰਗ ਬਰਾਮਦ ਕੀਤੇ ਹਨ। ਇਨ੍ਹਾਂ ਲੱਭਤਾਂ ਨਾਲ ਮੌਜੂਦਾ ਰੇਗਿਸਤਾਨ ਇਲਾਕੇ ਵਿਚ ਸਮੁੰਦਰੀ ਜੀਵਨ ਅਤੇ ਸਮੁੰਦਰ ਦੀ ਮੌਜੂਦਗੀ ਦਾ ਪਤਾ ਲਗਦਾ ਹੈ। ਸਬੰਧਤ ਮਹਿਕਮਾ ਜੀਐਸਆਈ ਪਛਮੀ ਖੇਤਰ ਗੁਜਰਾਤ ਅਤੇ ਰਾਜਸਥਾਨ ਦੇ ਵੱਖ ਵੱਖ ਹਿੱਸਿਆਂ ਵਿਚ ਪਿਛਲੇ ਇਕ ਸਾਲ ਤੋਂ ਇਨ੍ਹਾਂ ਜੀਵ ਅੰਗਾਂ ਬਾਰੇ ਅਧਿਐਨ ਕਰ ਰਿਹਾ ਹੈ। ਜੈਸਲਮੇਰ ਦੇ ਬਾਂਦਾ ਪਿੰਡ ਵਿਚ ਆਦਿਕਾਲੀਨ ਵ੍ਹੇਲ ਦੇ ਅੰਗ, ਸ਼ਾਰਕ ਦੇ ਦੰਦ, ਮਗਰਮੱਛ ਦੇ ਦੰਦ ਅਤੇ ਮੱਧ ਆਦਿਕਾਲ ਦੇ ਕੱਛੂ ਦੀਆਂ
ਹੱਡੀਆਂ ਜਿਹੇ ਅੰਗ ਮਿਲੇ ਹਨ। ਪੁਰਾਤਤਵ ਵਿਭਾਗ ਦੇ ਨਿਰਦੇਸ਼ਕ ਦੇਬਾਸ਼ੀਸ਼ ਭੱਟਾਚਾਰੀਆ ਦੀ ਨਿਗਰਾਨੀ ਵਿਚ ਵਿਗਿਆਨੀ ਕ੍ਰਿਸ਼ਨ ਕੁਮਾਰ, ਪ੍ਰਗਿਆ ਪਾਂਡੇ ਨੇ ਇਹ ਖੋਜ ਕੀਤੀ ਹੈ। ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਇਸ ਖੋਜ ਵਿਚ ਸੱਭ ਤੋਂ ਅਹਿਮ ਪਹਿਲੂ ਖੰਡਿਤ ਜਬਾੜਾ ਹੈ ਜਿਸ ਦੀ ਪਛਾਣ ਪ੍ਰਾਚੀਨ ਵ੍ਹੇਲ ਦੀ ਹੱਡੀ ਵਜੋਂ ਹੋਈ ਹੈ। ਇਨ੍ਹਾਂ ਲੱਭਤਾਂ ਤੋਂ ਸੰਕੇਤ ਮਿਲਦਾ ਹੈ ਕਿ ਲਗਭਗ 4.7 ਕਰੋੜ ਸਾਲ ਪਹਿਲਾਂ ਜੈਸਲਮੇਰ ਖੇਤਰ ਸਮੁੰਦਰ ਹੁੰਦਾ ਸੀ। ਉਨ੍ਹਾਂ ਦਸਿਆ ਕਿ ਮੱਧ ਆਦਿਕਾਲ ਦੌਰਾਨ ਕੱਛ ਬੇਸਿਨ ਅਤੇ ਗੁਜਰਾਤ ਵਿਚ ਪਹਿਲਾਂ ਦਿਤੀ ਗਈ ਰੀਪੋਰਟ ਵਿਚ ਜੀਵਾਂ ਦੀ ਸਮਾਨਤਾ ਮਿਲਦੀ ਹੈ। (ਏਜੰਸੀ)