
Rajasthan News : 25 ਕਰੋੜ ਬੂਟੇ ਲਗਾਉਣ ਦੀ ਸਰਕਾਰ ਦੀ ਮੁਹਿੰਮ ਨੂੰ ‘ਅਵਿਹਾਰਕ’ ਦਸਿਆ
Jodhpur News in Punjabi : ਰਾਜਸਥਾਨ ਦੇ ਸਕੂਲਾਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ’ਚ ਇਕ ‘ਅਸੰਭਵ’ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘‘ਹਰਿਆਲੋ ਰਾਜਸਥਾਨ- ਏਕ ਪੇੜ ਮਾਂ ਕੇ ਨਾਮ’’ ਮੁਹਿੰਮ ਤਹਿਤ ਸੂਬੇ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ 10 ਜੁਲਾਈ ਤੋਂ 10 ਅਗੱਸਤ ਤਕ 25 ਕਰੋੜ ਬੂਟੇ ਲਗਾਉਣ ਦੇ ਹੁਕਮ ਦਿਤੇ ਹਨ।
ਹੁਕਮ ਅਨੁਸਾਰ ਉੱਚ ਪ੍ਰਾਇਮਰੀ ਜਮਾਤਾਂ ਤਕ ਦੇ ਹਰ ਵਿਦਿਆਰਥੀ ਨੂੰ ਪ੍ਰਤੀ ਦਿਨ 10 ਬੂਟੇ ਲਗਾਉਣੇ ਪੈਣਗੇ, ਜਦਕਿ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਪ੍ਰਤੀ ਦਿਨ 15 ਪੌਦੇ ਲਗਾਉਣ ਦਾ ਟੀਚਾ ਹੈ ਅਤੇ ਅਧਿਆਪਕਾਂ ਨੂੰ ਪ੍ਰਤੀ ਦਿਨ 15 ਬੂਟੇ ਲਗਾਉਣੇ ਪੈਣਗੇ।
ਜੋਧਪੁਰ ਦੇ ਉਪਨਗਰੀ ਖੇਤਰ ਦੇ ਇਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਪੁਛਿਆ, ‘‘ਕੀ ਇਹ ਕਿਸੇ ਵੀ ਤਰੀਕੇ ਨਾਲ ਵਿਹਾਰਕ ਲਗਦਾ ਹੈ?’’ ਉਨ੍ਹਾਂ ਕਿਹਾ, ‘‘ਬੂਟੇ ਲਗਾਉਣਾ ਸਾਡੇ ਸਮੇਂ ਦੀ ਲੋੜ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਅਜਿਹੇ ਮੁਸ਼ਕਲ ਟੀਚੇ ਅਤੇ ਦਬਾਅ ਦਾ ਕੋਈ ਮਤਲਬ ਨਹੀਂ ਹੈ ਅਤੇ ਇਹ ਆਮ ਕੰਮਾਂ ਨੂੰ ਪ੍ਰਭਾਵਤ ਕਰਦਾ ਹੈ। ਕਿਉਂਕਿ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਨਾਉਣਾ ਮੁਸ਼ਕਲ ਹੁੰਦਾ ਹੈ।’’
ਇਸ ਤੋਂ ਇਲਾਵਾ ਸਕੂਲਾਂ ਨੂੰ ਹੁਕਮ ਅਨੁਸਾਰ ਅਧਿਆਪਕਾਂ ਨੂੰ ਪ੍ਰਦਾਨ ਕੀਤੀ ਗਈ ਐਪ ਉਤੇ ਬੂਟੇ ਲਗਾਉਣ ਤੋਂ ਲੈ ਕੇ ਖੁਦਾਈ ਤਕ ਦੀ ਸਾਰੀ ਗਤੀਵਿਧੀ ਅਪਲੋਡ ਕਰਨੀ ਹੋਵੇਗੀ। ਅਧਿਆਪਕ ਪੌਦਿਆਂ ਦਾ ਪ੍ਰਬੰਧ ਕਰਨ ਲਈ ਖੱਡਾ ਪੁੱਟਣ ਲਈ ਜਗ੍ਹਾ ਲੱਭਣ ਅਤੇ ਫਿਰ ਇਹ ਯਕੀਨੀ ਬਣਾਉਣ ਬਾਰੇ ਵੀ ਚਿੰਤਤ ਹਨ ਕਿ ਪੌਦੇ ਸਮਰਪਿਤ ਵਿੱਤੀ ਪ੍ਰਬੰਧ ਤੋਂ ਬਿਨਾਂ ਬਚੇ ਰਹਿਣ। ਸਰਕਾਰੀ ਨਰਸਰੀਆਂ ਵਿਚ ਵੀ ਇੰਨੀ ਵੱਡੀ ਗਿਣਤੀ ਵਿਚ ਪੌਦਿਆਂ ਦੀ ਉਪਲਬਧਤਾ ਵੀ ਚਿੰਤਾ ਦਾ ਵਿਸ਼ਾ ਹੈ।
ਸ਼ਹਿਰ ਦੇ ਇਕ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਅਧਿਆਪਕ ਨੇ ਵੀ ਹੁਕਮ ਦੀ ਵਿਹਾਰਕਤਾ ਉਤੇ ਸਵਾਲ ਚੁਕੇ ਅਤੇ ਪੁਛਿਆ ਕਿ ਸ਼ਹਿਰੀ ਖੇਤਰਾਂ ਦੇ ਸਕੂਲਾਂ ਨੂੰ ਅਜਿਹੀ ਪੌਦੇ ਲਗਾਉਣ ਦੀ ਮੁਹਿੰਮ ਲਈ ਲੋੜੀਂਦੀਆਂ ਥਾਵਾਂ ਕਿੱਥੋਂ ਮਿਲਣਗੀਆਂ?
ਰਾਜਸਥਾਨ ਅਧਿਆਪਕ ਸੰਘ (ਅਜਮੇਰ ਡਵੀਜ਼ਨ) ਦੇ ਮੀਡੀਆ ਇੰਚਾਰਜ ਕਾਲੂ ਰਾਮ ਨੇ ਸਵਾਲ ਕੀਤਾ, ‘‘ਕੀ ਅਧਿਆਪਕਾਂ ਨੂੰ ਸਕੂਲ ਚਲਾਉਣਾ ਚਾਹੀਦਾ ਹੈ ਅਤੇ ਪੜ੍ਹਾਉਣਾ ਚਾਹੀਦਾ ਹੈ ਜਾਂ ਫਿਰ ਖੱਡੇ ਪੁੱਟਣ ਅਤੇ ਰੁੱਖ ਲਗਾਉਣ ਲਈ ਭੱਜਦੇ ਹੋਏ ਵੇਖਿਆ ਜਾਣਾ ਚਾਹੀਦਾ ਹੈ?’’
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਬਹੁਤ ਸਾਰੇ ਮਹੱਤਵਪੂਰਨ ਪਹਿਲੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਸਹੀ ਯੋਜਨਾਬੰਦੀ ਦੀ ਅਣਹੋਂਦ ਵਿਚ ਇਹ ਸਾਰੀ ਪ੍ਰਕਿਰਿਆ ਉਦੇਸ਼ ਤੋਂ ਬੁਰੀ ਤਰ੍ਹਾਂ ਅਸਫਲ ਹੋ ਜਾਵੇਗੀ।
(For more news apart from Sapling planting campaign becomes a problem for school teachers in Rajasthan News in Punjabi, stay tuned to Rozana Spokesman)