
ਇਮਾਰਤ ’ਚ ਲੱਗਿਐ ਐਫਿਲ ਟਾਵਰ ਤੋਂ ਢਾਈ ਗੁਣਾ ਜ਼ਿਆਦਾ ਸਟੀਲ
ਹੈਦਰਾਬਾਦ: ਪੈਰਿਸ ਵਿਚਲੇ ਵਿਸ਼ਵ ਪ੍ਰਸਿੱਧ ਐਫਿਲ ਟਾਵਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜਿਸ ਨੂੰ ਬਣਾਉਣ ਲਈ ਹਜ਼ਾਰਾਂ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਓ ਕਿ ਭਾਰਤ ਵਿਚ ਇਕ ਅਜਿਹੀ ਵਿਸ਼ਾਲ ਇਮਾਰਤ ਮੌਜੂਦ ਹੈ, ਜਿਸ ਵਿਚ ਐਫਿਲ ਟਾਵਰ ਤੋਂ ਵੀ ਢਾਈ ਗੁਣਾ ਜ਼ਿਆਦਾ ਸਟੀਲ ਦੀ ਵਰਤੋਂ ਹੋਈ ਹੈ, ਜੇਕਰ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਇਸ ਵਿਸ਼ਾਲ ਇਮਾਰਤ ਬਾਰੇ ਜਾਣੂ ਕਰਵਾਉਂਨੇ ਹਾਂ।
ਦਰਅਸਲ ਇਹ ਵਿਸ਼ਾਲ ਇਮਾਰਤ ਅਮਰੀਕਾ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਦਾ ਸਭ ਤੋਂ ਵੱਡਾ ਕਾਰੋਬਾਰੀ ਦਫ਼ਤਰ ਹੈ, ਜੋ ਭਾਰਤ ਦੇ ਹੈਦਰਾਬਾਦ ਵਿਚ ਸਥਿਤ ਹੈ। ਕੰਪਨੀ ਨੇ ਕੁੱਝ ਸਮਾਂ ਪਹਿਲਾਂ ਹੀ ਇਸ ਕੈਂਪਸ ਦਾ ਉਦਘਾਟਨ ਕੀਤਾ ਹੈ। ਇਸ ਇਮਾਰਤ ਨੂੰ ਬਣਾਉਣ ਲਈ ਜਿੰਨੇ ਸਟੀਲ ਦੀ ਵਰਤੋਂ ਕੀਤੀ ਗਈ ਹੈ। ਉਹ ਵਿਸ਼ਵ ਪ੍ਰਸਿੱਧ ਐਫਿਲ ਟਾਵਰ ਤੋਂ ਵੀ ਢਾਈ ਗੁਣਾ ਜ਼ਿਆਦਾ ਹੈ। ਇਹ ਕੈਂਪਸ ਸਾਢੇ 9 ਏਕੜ ਤੋਂ ਵੀ ਜ਼ਿਆਦਾ ਖੇਤਰ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਇਕੱਠੇ 15 ਹਜ਼ਾਰ ਕਰਮਚਾਰੀ ਕੰਮ ਕਰ ਸਕਦੇ ਹਨ।
ਹੈਦਰਾਬਾਦ ਸਥਿਤ ਇਸ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ 30 ਮਾਰਚ 2016 ਨੂੰ ਰੱਖਿਆ ਗਿਆ ਸੀ, ਜਿਸ ਨੂੰ ਬਣਾਉਣ ਲਈ ਹਰ ਰੋਜ਼ ਔਸਤਨ 2 ਹਜ਼ਾਰ ਮਜ਼ਦੂਰਾਂ ਨੇ ਕੰਮ ਕੀਤਾ। ਇਸ ਇਮਾਰਤ ਨੂੰ ਬਣ ਕੇ ਤਿਆਰ ਹੋਣ ਵਿਚ 39 ਮਹੀਨੇ ਦਾ ਸਮਾਂ ਲੱਗਿਆ। ਕੈਂਪਸ ਦੇ ਡਿਜ਼ਾਇਨ ’ਤੇ ਵੀ ਕਾਫ਼ੀ ਧਿਆਨ ਦਿੱਤਾ ਗਿਆ ਹੈ। ਕੈਂਪਸ ਵਿਚ 300 ਤੋਂ ਜ਼ਿਆਦਾ ਦਰੱਖਤ ਲੱਗੇ ਹੋਏ ਹਨ, ਜਿਨ੍ਹਾਂ ਵਿਚੋਂ 3 ਦਰੱਖ਼ਤ ਤਾਂ 200 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ। ਇਸ ਇਮਾਰਤ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਸ ਵਿਚ 8.5 ਲੱਖ ਲੀਟਰ ਦੀ ਸਮਰੱਥਾ ਵਾਲਾ ਇਕ ਵਾਟਰ ਰੀਸਾਈਕਿਗ ਪਲਾਂਟ ਵੀ ਲੱਗਿਆ ਹੋਇਆ ਹੈ।
ਖੇਤਰਫ਼ਲ ਦੇ ਲਿਹਾਜ ਨਾਲ ਦੁਨੀਆ ਭਰ ਵਿਚ ਇਹ ਐਮਾਜ਼ੋਨ ਦੀ ਸਭ ਤੋਂ ਵੱਡੀ ਇਮਾਰਤ ਹੈ ਜੋ ਸਾਢੇ 9 ਏਕੜ ਤੋਂ ਵੀ ਜ਼ਿਆਦਾ ਖੇਤਰ ਵਿਚ ਬਣੀ ਹੋਈ ਹੈ। ਅਮਰੀਕਾ ਤੋਂ ਬਾਹਰ ਇਹ ਐਮਾਜ਼ੋਨ ਦਾ ਇਕਲੌਤਾ ਕੈਂਪਸ ਹੈ। ਭਾਰਤ ਵਿਚ ਇਸ ਸਮੇਂ ਐਮਾਜ਼ੋਨ ਦੇ 62 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਕੰਮ ਕਰ ਰਹੇ ਹਨ। ਹੈਦਰਾਬਾਦ ਸਥਿਤ ਐਮਾਜ਼ੋਨ ਦਾ ਇਹ ਕੈਂਪਸ ਸਿਏਟਲ ਤੋਂ ਬਾਹਰ ਕੰਪਨੀ ਦਾ ਸਭ ਤੋਂ ਵੱਡਾ ਟੈਕਨਾਲੋਜੀ ਕੇਂਦਰ ਵੀ ਹੈ। ਇਸ ਤੋਂ ਪਤਾ ਚਲਦੈ ਕਿ ਐਮਾਜ਼ੋਨ ਭਾਰਤੀ ਬਾਜ਼ਾਰ ’ਤੇ ਅਪਣਾ ਧਿਆਨ ਵਧਾਉਣ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।