
ਹਾਲੇ ਵੀ ਕਈ ਥਾਈਂ ਦੁਕਾਨਾਂ, ਕਾਰੋਬਾਰੀ ਅਦਾਰੇ ਤੇ ਸਕੂਲ ਬੰਦ
ਸ੍ਰੀਨਗਰ : ਕੇਂਦਰ ਸਰਕਾਰ ਦੁਆਰਾ ਧਾਰਾ 370 ਹਟਾਏ ਜਾਣ ਮਗਰੋਂ ਲਾਈਆਂ ਗਈਆਂ ਪਾਬੰਦੀਆਂ 70 ਦਿਨਾਂ ਮਗਰੋਂ ਵੀ ਜਾਰੀ ਹਨ। ਸਰਕਾਰ ਨੇ ਪੰਜ ਅਗੱਸਤ ਨੂੰ ਧਾਰਾ 370 ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਵਾਦੀ ਵਿਚ ਆਮ ਜਨਜੀਵਨ ਠੱਪ ਰਿਹਾ। ਮੁੱਖ ਬਾਜ਼ਾਰ ਹਾਲੇ ਵੀ ਬੰਦ ਹਨ ਅਤੇ ਸੜਕਾਂ ਤੋਂ ਜਨਤਕ ਵਾਹਨ ਨਾਦਾਰਦ ਹਨ। ਉਂਜ ਹਫ਼ਾਤਾਵਾਰੀ ਬਾਜ਼ਾਰ ਖੁਲ੍ਹੇ ਰਹੇ।
Jammu & Kashmir
ਅਧਿਕਾਰੀਆਂ ਨੇ ਦਸਿਆ ਕਿ ਸਥਾਨਕ ਬਾਜ਼ਾਰ 'ਐਤਵਾਰ ਬਾਜ਼ਾਰ' ਖੁਲ੍ਹਾ ਹੈ ਅਤੇ ਕਈ ਦੁਕਾਨਦਾਰਾਂ ਨੇ ਟੀਆਰਸੀ ਚੌਕ, ਲਾਲ ਚੌਕ ਆਦਿ 'ਤੇ ਸਟਾਲ ਲਾਏ। ਉਨ੍ਹਾਂ ਦਸਿਆ ਕਿ ਸਰਦੀਆਂ ਕਾਰਨ ਬਾਜ਼ਾਰ ਵਿਚ ਕਪੜੇ ਅਤੇ ਹੋਰ ਸਮਾਨ ਖ਼ਰੀਦਣ ਲਈ ਘਾਟੀ ਦੇ ਵੱਖ ਵੱਖ ਹਿੱਸਿਆਂ ਤੋਂ ਗਾਹਕ ਆ ਰਹੇ ਹਨ। ਘਾਟੀ ਵਿਚ ਹੋਰ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਹਨ। ਹੋਰ ਤਾਂ ਹੋਰ, ਸਵੇਰੇ ਸਾਢੇ 10 ਵਜੇ ਤਕ ਕੁੱਝ ਹੀ ਦੁਕਾਨਾਂ ਖੁਲ੍ਹਦੀਆਂ ਹਨ। ਆਟੋ ਰਿਕਸ਼ਾ ਅਤੇ ਕੁੱਝ ਅੰਤਰ ਜ਼ਿਲ੍ਹਾ ਕੈਬਾਂ ਸੜਕਾਂ 'ਤੇ ਦੌੜਦੀਆਂ ਤਾਂ ਵਿਖਾਈ ਦਿੰਦੀਆਂ ਹਨ ਪਰ ਜਨਤਕ ਆਵਾਜਾਈ ਦੇ ਸਾਧਨ ਬੰਦ ਹਨ।
Jammu Kashmir
ਸਨਿਚਰਵਾਰ ਦੇ ਮੁਕਾਬਲੇ ਨਿਜੀ ਕਾਰਾਂ ਦੀ ਆਵਾਜਾਈ ਵੀ ਘੱਟ ਰਹੀ। ਅਧਿਕਾਰੀਆਂ ਨੇ ਦਸਿਆ ਕਿ ਚਾਰ ਅਗੱਸਤ ਦੀ ਰਾਤ ਤੋਂ ਹੀ ਹੰਦਵਾੜਾ ਅਤੇ ਕੁਪਵਾੜਾ ਨੂੰ ਛੱਡ ਕੇ ਪੂਰੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਬੰਦ ਹਨ। ਇੰਟਰਨੈਟ ਸੇਵਾਵਾਂ ਵੀ ਚਾਲੂ ਨਹੀਂ। ਰਾਜ ਸਰਕਾਰ ਦੇ ਬੁਲਾਰੇ ਰੋਹਿਤ ਬਾਂਸਲ ਨੇ ਕਲ ਦਸਿਆ ਸੀ ਕਿ ਕਸ਼ਮੀਰ ਵਿਚ ਸੋਮਵਾਰ ਦੁਪਹਿਰ ਤੋਂ ਪੋਸਟਪੇਡ ਮੋਬਾਈਲ ਫ਼ੋਨ ਸੇਵਾਵਾਂ ਬਹਾਲ ਕਰ ਦਿਤੀਆਂ ਜਾਣਗੀਆਂ।
Jammu and Kashmir
ਉਨ੍ਹਾਂ ਇਹ ਵੀ ਦਸਿਆ ਸੀ ਕਿ ਜੰਮੂ ਕਸ਼ਮੀਰ ਵਿਚ ਕਰੀਬ 99 ਫ਼ੀ ਸਦੀ ਇਲਾਕੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਤੋਂ ਮੁਕਤ ਹਨ। ਸਰਕਾਰ ਕਹਿ ਰਹੀ ਹੈ ਕਿ ਸਕੂਲ ਖੋਲ੍ਹ ਦਿਤੇ ਗਏ ਹਨ ਪਰ ਮਾਪੇ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਹਾਲੇ ਵੀ ਡਰ ਰਹੇ ਹਨ ਜਿਸ ਕਾਰਨ ਸਕੂਲਾਂ ਵਿਚ ਹਾਜ਼ਰੀ ਨਾਂਹ ਦੇ ਹੀ ਬਰਾਬਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੀ ਪਤਾ ਨਹੀਂ ਕਿ ਵਾਦੀ ਵਿਚ ਹਾਲਾਤ ਆਮ ਜਿਹੇ ਕਦੋਂ ਹੋਣਗੇ? ਇਸ ਲਈ ਪਾਬੰਦੀਆਂ ਪੂਰੀ ਤਰ੍ਹਾਂ ਨਹੀਂ ਹਟਾਈਆਂ ਜਾ ਰਹੀਆਂ।