
ਪ੍ਰਧਾਨ ਮੰਤਰੀ ਦੀ ਵਿਰੋਧੀ ਧਿਰਾਂ ਨੂੰ ਚਿਤਾਵਨੀ
ਜਲਗਾਂਵ : ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਮੁੱਦੇ 'ਤੇ ਕਾਂਗਰਸ ਅਤੇ ਹੋਰ ਪਾਰਟੀਆਂ 'ਤੇ ਹਮਲਾ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਅਪਣੇ ਚੋਣ ਮਨੋਰਥ ਪੱਤਰ ਵਿਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਬਹਾਲ ਕਰਨ ਦੀ ਚੁਨੌਤੀ ਦਿਤੀ। ਮਹਾਰਾਸ਼ਟਰ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਨਮੁਖ ਅਪਣੀ ਪਹਿਲੀ ਰੈਲੀ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਮਹਿਜ਼ ਜ਼ਮੀਨ ਦਾ ਟੁਕਡਾ ਨਹੀਂ ਸਗੋਂ ਭਾਰਤ ਦਾ ਤਾਜ ਹੈ।
Article 370
ਉਨ੍ਹਾਂ ਕਿਹਾ ਕਿ ਉਥੇ ਪਿਛਲੇ 40 ਸਾਲਾਂ ਤੋਂ ਜੋ ਹਾਲਤ ਸੀ, ਉਸ ਨੂੰ ਆਮ ਬਣਾਉਣ ਵਿਚ ਚਾਰ ਮਹੀਨੇ ਦਾ ਵੀ ਸਮਾਂ ਨਹੀਂ ਲੱਗੇਗਾ। ਉਨ੍ਹਾਂ ਵਿਰੋਧੀ ਦਲਾਂ 'ਤੇ ਧਾਰਾ 370 ਦੇ ਮੁੱਦੇ ਦਾ ਰਾਜਸੀਕਰਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਧਾਰਾ 370 'ਤੇ ਵਿਰੋਧੀ ਧਿਰ ਗੁਆਂਢੀ ਦੇਸ਼ ਦੀ ਜ਼ੁਬਾਨ ਬੋਲ ਰਹੀ ਹੈ। ਪ੍ਰਧਾਨ ਮੰਤਰੀ ਨੇ ਦਵਿੰਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੇ ਪੰਜ ਸਾਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਮੁਕਤ ਰਿਹਾ ਅਤੇ ਕਿਸਾਨਾਂ ਤੇ ਉਦਯੋਗਾਂ ਸਮੇਤ ਸਾਰਿਆਂ ਵਿਚਾਲੇ ਭਰੋਸਾ ਪੈਦਾ ਕੀਤਾ। ਕਾਂਗਰਸ ਅਤੇ ਰਾਕਾਂਪਾ 'ਤੇ ਹਮਲਾ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਉਹ ਧਾਰਾ 370 ਦੇ ਪ੍ਰਾਵਧਾਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਰਾਜਸੀਕਰਨ ਕਰ ਰਹੇ ਹਨ। ਉਨ੍ਹਾਂ ਕਹਾ ਕਿ ਵਿਰੋਧੀ ਧਿਰ ਜੰਮੂ ਕਸ਼ਮੀਰ ਸਬੰਧੀ ਪੂਰੇ ਰਾਸ਼ਟਰ ਦੀਆਂ ਭਾਵਨਾਵਾਂ ਦੇ ਠੀਕ ਉਲਟ ਸੋਚਦੇ ਹਨ।
Narendra Modi
ਮੋਦੀ ਨੇ ਸਪੱਸ਼ਟ ਤੌਰ 'ਤੇ ਪਾਕਿਸਤਾਨ ਵਲ ਇਸ਼ਾਰਾ ਕਰਦਿਆਂ ਕਿਸੇ ਨੇਤਾ ਦਾ ਨਾਮ ਲਏ ਬਿਨਾਂ ਕਿਹਾ, 'ਤੁਸੀਂ ਕਾਂਗਰਸ, ਰਾਕਾਂਪਾ ਦੇ ਬਿਆਨਾਂ ਨੂੰ ਵੇਖੋ, ਉਹ ਗੁਆਂਢੀ ਦੇਸ਼ਾਂ ਦੀ ਜ਼ੁਬਾਨ ਬੋਲਦੇ ਹੋਏ ਲਗਦੇ ਹਨ।' ਧਾਰਾ 370 ਦੇ ਮੁੱਦੇ 'ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਕਿਹਾ, 'ਮੈਂ ਉਨ੍ਹਾਂ ਨੂੰ ਚੁਨੌਤੀ ਦਿੰਦਾ ਹਾਂ ਕਿ ਜੇ ਉਨ੍ਹਾਂ ਅੰਦਰ ਹਿੰਮਤ ਹੈ ਤਾਂ ਰਾਜ ਦੇ ਚੋਣਾਂ ਅਤੇ ਭਵਿੱਖ ਦੀਆਂ ਚੋਣਾਂ ਲਈ ਵੀ ਅਪਣੇ ਚੋਣ ਮਨੋਰਥ ਪੱਤਰ ਵਿਚ ਐਲਾਨ ਕਰੋ ਕਿ ਉਹ ਧਾਰਾ 370 ਅਤੇ 35 ਏ ਦੇ ਰੱਦ ਪ੍ਰਾਵਧਾਨਾਂ ਨੂੰ ਬਹਾਲ ਕਰਨਗੇ ਜਿਨ੍ਹਾਂ ਨੂੰ ਭਾਜਪਾ ਮੋਦੀ ਸਰਕਾਰ ਨੇ ਰੱਦ ਕਰ ਦਿਤਾ। ਉਨ੍ਹਾਂ ਕਿਹਾ ਕਿ ਉਹ ਪੰਜ ਅਗੱਸਤ ਦੇ ਫ਼ੈਸਲੇ ਨੂੰ ਬਦਲ ਦੇਣਗੇ। ਉਨ੍ਹਾਂ ਵਿਰੋਧੀ ਧਿਰਾਂ ਨੂੰ ਕਿਹਾ, 'ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੋ।' ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਲਈ ਭਾਜਪਾ ਸ਼ਿਵ ਸੈਨਾ ਨੇ ਗਠਜੋੜ ਕੀਤਾ ਹੋਇਆ ਹੈ।