
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਮੀਟਿਗਾਂ ਵਿਚ ਹਾਲੇ ਵੀ ਅੰਦੋਲਨ ਨੂੰ ਦਬਾਉਣ ਲਈ ਸਾਜ਼ਿਸ਼ ਰਚ ਰਹੇ ਨੇ ਮੰਤਰੀ
ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਕਿਸਾਨੀ ਸੰਘਰਸ਼ ਵਿਚ ਪੰਜਾਬ ਤੇ ਹਰਿਆਣਾ ਇਕ ਦੂਜੇ ਨੂੰ ਪੂਰਾ ਸਾਥ ਦੇ ਰਹੇ ਹਨ। ਹੱਕਾਂ ਦੀ ਰਾਖੀ ਲਈ ਸ਼ੁਰੂ ਕੀਤੀ ਗਈ ਲੋਕ ਲਹਿਰ ਵਿਚ ਸਹਿਯੋਗ ਦੇਣ ਲਈ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਲਗਾਤਾਰ ਧਰਨਿਆਂ ‘ਚ ਸ਼ਮੂਲੀਅਤ ਕਰ ਰਹੇ ਹਨ।
Gurnam Singh Charuni
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਹਰਿਆਣਾ ਜਾਂ ਹਿੰਦੂ ਸਿੱਖਾਂ ਦਾ ਨਹੀਂ ਹੈ, ਇਹ ਸੰਘਰਸ਼ ਉਸ ਦੇਸ਼ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਜੋ ਕਿਸੇ ਸਮੇਂ ਸੋਨੇ ਦੀ ਚਿੜੀ ਸੀ ਤੇ ਉਸ ਨੂੰ ਕਾਰਪੋਰੇਟ ਘਰਾਣੇ ਲੁੱਟ ਰਹੇ ਹਨ। ਇਸ ਲਈ ਅੱਜ ਸਾਰਾ ਦੇਸ਼ ਇਕਜੁੱਟ ਹੈ।
Gurnam Singh Charuni
ਗੁਰਨਾਮ ਸਿੰਘ ਚੜੂਨੀ ਨੇ ਅੱਗੇ ਕਿਹਾ ਕਿ ਮੰਤਰੀ ਅਪਣੀਆਂ ਮੀਟਿਗਾਂ ਵਿਚ ਹਾਲੇ ਵੀ ਅਦੋਲਨ ਨੂੰ ਦਬਾਉਣ ਤੇ ਬਦਨਾਮ ਕਰਨ ਲਈ ਸਾਜ਼ਿਸ਼ ਰਚ ਰਹੇ ਹਨ। ਇਹ ਅੰਦੋਲਨ ਪ੍ਰਮਾਤਮਾ ਦਾ ਇਕ ਸੰਦੇਸ਼ ਹੈ ਤੇ ਸਰਕਾਰ ਪ੍ਰਮਾਤਮਾ ਨਾਲ ਮੁਕਾਬਲਾ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭਾਜਪਾ ਨੇ ਧਰਮ ਦੇ ਨਾਂਅ ‘ਤੇ ਲੋਕਾਂ ਨੂੰ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਸਾਰੇ ਇਕੱਠੇ ਹਾਂ।
Gurnam Singh Charuni
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਨੂੰਨ ਸਮਝਾਉਣ ਲਈ ਸਰਕਾਰ ਨੇ ਹਰਿਆਣਾ ਵਿਚ ਪ੍ਰੈੱਸ ਕਾਨਫਰੰਸ, ਕਿਸਾਨਾਂ ਦੇ ਸੈਮੀਨਾਰ ਤੇ ਟਰੈਕਟਰ ਯਾਤਰਾ ਕੀਤੀ। ਪਰ ਇਹ ਸਾਰੇ ਪ੍ਰੋਗਰਾਮ ਫੇਲ ਰਹੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਖੁਦੀ ‘ਤੇ ਅੜੀ ਹੋਈ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸਾਨੀ ਸੰਘਰਸ਼ ਦੇਖ ਕੇ ਭਾਜਪਾ ਆਗੂਆਂ ਦੀ ਆਤਮਾ ਜਾਗ ਜਾਵੇ। ਇਹ ਨੌਬਤ ਵੀ ਆ ਸਕਦੀ ਹੈ ਕਿ ਇਹਨਾਂ ਦੀ ਸਰਕਾਰ ਹੀ ਟੁੱਟ ਜਾਵੇ।