
ਕਿਹਾ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੈ
ਅਖਨੂਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਪਾਕਿਸਤਾਨ ’ਤੇ ਅਤਿਵਾਦ ਨੂੰ ਉਤਸ਼ਾਹਿਤ ਕਰ ਕੇ ਭਾਰਤ ਨੂੰ ਅਸਥਿਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅਪਣੇ ਅਤਿਵਾਦੀ ਢਾਂਚੇ ਨੂੰ ਤਬਾਹ ਕਰਨਾ ਪਵੇਗਾ ਜਾਂ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਬਿਨਾਂ ਜੰਮੂ-ਕਸ਼ਮੀਰ ਅਧੂਰਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਅਤਿਵਾਦ ਦੇ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਦੀ ਜ਼ਮੀਨ ਘੁਸਪੈਠ ਦੀਆਂ ਗਤੀਵਿਧੀਆਂ ਲਈ ਸਿਖਲਾਈ ਕੈਂਪਾਂ ਅਤੇ ਘੁਸਪੈਠ ਲਈ ‘ਲਾਂਚ ਪੈਡ’ ਵਜੋਂ ਵੀ ਕੰਮ ਕਰ ਰਹੀ ਹੈ।
ਅਖਨੂਰ ਇਲਾਕੇ ’ਚ ਸਾਬਕਾ ਫ਼ੌਜੀਆਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਮਕਬੂਜ਼ਾ ਕਸ਼ਮੀਰ ਦੀ ਜ਼ਮੀਨ ਦੀ ਵਰਤੋਂ ਅਤਿਵਾਦ ਦੇ ਕਾਰੋਬਾਰ ਨੂੰ ਚਲਾਉਣ ਲਈ ਕੀਤੀ ਜਾ ਰਹੀ ਹੈ। ਅੱਜ ਵੀ ਉੱਥੇ ਅਤਿਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ। ਸਰਹੱਦ ਦੇ ਨੇੜੇ ਦੇ ਇਲਾਕਿਆਂ ’ਚ ਲਾਂਚ ਪੈਡ ਬਣਾਏ ਗਏ ਹਨ ਅਤੇ ਭਾਰਤ ਸਰਕਾਰ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਪਾਕਿਸਤਾਨ ਨੂੰ ਇਸ ਨੂੰ ਖਤਮ ਕਰਨਾ ਪਵੇਗਾ, ਨਹੀਂ ਤਾਂ...।’’
ਉਨ੍ਹਾਂ ਨੇ ਸਾਬਕਾ ਫ਼ੌਜੀਆਂ ਨੂੰ ਮਕਰ ਸੰਕ੍ਰਾਂਤੀ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿਤੀਆਂ ਅਤੇ ਕਿਹਾ ਕਿ ਅਖਨੂਰ ਵਿਚ ਉਨ੍ਹਾਂ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਅਸੀਂ ਅਪਣੇ ਦਿਲਾਂ ਵਿਚ ਅਖਨੂਰ ਜਾਂ ਕਸ਼ਮੀਰ ਨੂੰ ਦਿੱਲੀ ਵਾਂਗ ਹੀ ਮਹੱਤਵ ਦਿੰਦੇ ਹਾਂ।