
ਪਾਕਿਸਤਾਨ ਤੋਂ ਬਾਅਦ ਅਤਿਵਾਦ ਦਾ ਖੁੱਲ੍ਹ ਕੇ ਸਾਥ ਚੀਨ ਫਿਰ ਤੋਂ ਅੱਗੇ ਆਇਆ, ਯੂਐਨ ਵਿਚ ਚੀਨ ਦੇ ਵੀਟੋ ਨਾਲ ਬਾਕੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਨਾਕਾਮ
ਨਵੀਂ ਦਿੱਲੀ : ਅਤਿਵਾਦੀ ਮਸੂਦ ਅਜ਼ਹਰ ਗਲੋਬਲ ਅਤਿਵਾਦੀ ਐਲਾਨੇ ਜਾਣ ਤੋਂ ਬਚ ਗਿਆ। ਪਾਕਿਸਤਾਨ ਤੋਂ ਬਾਅਦ ਅਤਿਵਾਦ ਦਾ ਖੁੱਲ੍ਹ ਕੇ ਸਾਥ ਚੀਨ ਨੇ ਦਿਤਾ ਹੈ। ਯੂਐਨ ਵਿਚ ਚੀਨ ਦੇ ਵੀਟੋ ਨਾਲ ਬਾਕੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਅਤੇ ਮਸੂਦ ਗਲੋਬਲ ਅਤਿਵਾਦੀ ਐਲਾਨ ਕੀਤੇ ਜਾਣ ਤੋਂ ਬਚ ਗਿਆ। ਹਾਲਾਂਕਿ ਅਮਰੀਕਾ ਨੇ ਸਪੱਸ਼ਟ ਕਰ ਦਿਤਾ ਕਿ ਜੇਕਰ ਚੀਨ ਦਾ ਰੁਖ਼ ਨਹੀਂ ਬਦਲਿਆ ਤਾਂ ਹੋਰ ਵੀ ਰਸਤੇ ਹਨ।
ਸੁਰੱਖਿਆ ਪਰਿਸ਼ਦ ਦੇ ਇਕ ਦੂਤ ਨੇ ਚੀਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਚੀਨ ਇਸ ਕੰਮ ਵਿਚ ਅੜਿੱਕਾ ਬਣਨਾ ਜਾਰੀ ਰੱਖਦਾ ਹੈ ਤਾਂ ਜ਼ਿੰਮੇਵਾਰ ਮੈਂਬਰ ਦੇਸ਼ ਸੁਰੱਖਿਆ ਪਰਿਸ਼ਦ ਵਿਚ ਹੋਰ ਕਦਮ ਚੁੱਕਣ ਲਈ ਮਜ਼ਬੂਰ ਹੋ ਸਕਦੇ ਹਨ। ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। ਦੂਤ ਨੇ ਅਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਉਤੇ ਕਿਹਾ।
ਸੁਰੱਖਿਆ ਪਰਿਸ਼ਦ ਵਿਚ ਇਕ ਹੋਰ ਦੂਤ ਨੇ ਇਕ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ‘ਚੀਨ ਨੇ ਚੌਥੀ ਵਾਰ ਸੂਚੀ ਵਿਚ ਅਜ਼ਹਰ ਨੂੰ ਸ਼ਾਮਲ ਕੀਤੇ ਜਾਣ ਦੇ ਕਦਮ ਵਿਚ ਰੁਕਾਵਟ ਪਾਈ ਹੈ। ਚੀਨ ਨੂੰ ਕਮੇਟੀ ਨੂੰ ਅਪਣਾ ਇਹ ਕੰਮ ਕਰਨ ਤੋਂ ਨਹੀਂ ਰੋਕਣਾ ਚਾਹੀਦਾ, ਜੋ ਸੁਰੱਖਿਆ ਪਰਿਸ਼ਦ ਨੇ ਉਸ ਨੂੰ ਸੌਪੀ ਹੈ। ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਵਿਚ ਹੋਣ ਵਾਲੀ ਵਿਚਾਰ ਚਰਚਾ ਗੁਪਤ ਹੁੰਦੀ ਹੈ ਅਤੇ ਇਸ ਲਈ ਮੈਂਬਰ ਦੇਸ਼ ਜਨਤਕ ਤੌਰ ’ਤੇ ਇਸ ਉਤੇ ਟਿੱਪਣੀ ਨਹੀਂ ਕਰ ਸਕਦੇ।
ਇਸ ਲਈ ਦੂਤਾਂ ਨੇ ਵੀ ਅਪਣੀ ਪਹਿਚਾਣ ਗੁਪਤ ਰੱਖੇ ਜਾਣ ਦੀ ਅਪੀਲ ਕੀਤੀ। ਦੂਤ ਨੇ ਕਿਹਾ ਕਿ ਚੀਨ ਦਾ ਇਹ ਕਦਮ ਅਤਿਵਾਦ ਦੇ ਵਿਰੁਧ ਲੜਨ ਅਤੇ ਦੱਖਣੀ ਏਸ਼ੀਆ ਵਿਚ ਖੇਤਰੀ ਸਥਿਰਤਾ ਨੂੰ ਵਧਾਵਾ ਦੇਣ ਦੇ ਉਸ ਦੇ ਖ਼ੁਦ ਦੇ ਦੱਸੇ ਟੀਚਿਆਂ ਦੇ ਵਿਰੁਧ ਹੈ। ਉਨ੍ਹਾਂ ਪਾਕਿਸਤਾਨ ਦੀ ਜ਼ਮੀਨ ਉਤੇ ਸਰਗਰਮ ਅਤਿਵਾਦ ਸਮੂਹਾਂ ਅਤੇ ਉਸ ਦੇ ਸਰਗਨਿਆਂ ਨੂੰ ਬਚਾਉਣ ਲਈ ਚੀਨ ਉਤੇ ਨਿਰਭਰ ਰਹਿਣ ਨੂੰ ਲੈ ਕੇ ਪਾਕਿਸਤਾਨ ਦੀ ਵੀ ਆਲੋਚਨਾ ਕੀਤੀ।
ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ੇਰਮੈਨ ਨੇ ਚੀਨ ਦੇ ਇਸ ਕਦਮ ਨੂੰ ਗੈਰ-ਜ਼ਿੰਮੇਵਾਰ ਕਰਾਰ ਦਿਤਾ ਅਤੇ ਕਿਹਾ ਕਿ ਚੀਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਨੂੰ ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਉਤੇ ਪਾਬੰਦੀ ਲਾਉਣੋਂ ਰੋਕ ਦਿਤਾ, ਜਿਸ ਨੇ 14 ਫਰਵਰੀ ਨੂੰ ਭਾਰਤ ਵਿਚ ਪੁਲਵਾਮਾ ਹਮਲਾ ਕੀਤਾ ਸੀ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਯੁਕਤ ਰਾਸ਼ਟਰ ਨੂੰ ਅਜ਼ਹਰ ਉਤੇ ਪਾਬੰਦੀ ਲਗਾਉਣ ਦੇਵੇ।
ਹੈਰੀਟੇਜ ਫਾਉਂਡੇਸ਼ਨ ਦੇ ਜੈਫ ਸਿਮਥ ਅਤੇ ਅਮਰੀਕਨ ਇੰਟਰਪ੍ਰਾਈਜ ਇੰਸਟੀਟਿਊਟ ਦੇ ਸਦਾਨੰਦ ਧੂਮੇ ਸਮੇਤ ਅਮਰੀਕੀ ਥਿੰਕ ਟੈਂਕ ਦੇ ਕਈ ਮੈਂਬਰਾਂ ਨੇ ਵੀ ਚੀਨ ਦੇ ਇਸ ਕਦਮ ਦੀ ਨਿੰਦਾ ਕੀਤੀ।