
ਰਾਜਸਥਾਨ ਮਹਾਪੰਚਾਇਤ ਵਿਚ ਦੇਖਣ ਨੂੰ ਮਿਲਿਆ ਕਿਸਾਨਾਂ ਦਾ ਭਾਰੀ ਇਕੱਠ
ਹਨੂੰਮਾਨਗੜ੍ਹ (ਸ਼ੈਸ਼ਵ ਨਾਗਰਾ): ਬੀਤੇ ਦਿਨੀਂ ਕਿਸਾਨਾਂ ਵੱਲੋਂ ਰਾਜਸਥਾਨ ਵਿਚ ਸਭ ਤੋਂ ਵੱਡੀ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਭਾਰੀ ਗਿਣਤੀ ਵਿਚ ਨੌਜਵਾਨ ਇਕੱਠੇ ਹੋਏ। ਮਹਾਪੰਚਾਇਤ ਵਿਚ ਪੰਜਾਬ-ਹਰਿਆਣਾ ਤੋਂ ਇਲਾਵਾ ਰਾਜਸਥਾਨ ਦੇ ਨੌਜਵਾਨਾਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਿਆ।
Kisan Mahapanchayat Hanumangarh
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਥਾਨਕ ਨੌਜਵਾਨ ਨੇ ਦੱਸਿਆ ਕਿ ਉਹ ਇੱਥੇ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਪੀਐਮ ਮੋਦੀ ਨੂੰ ਸੁਨੇਹਾ ਦੇਣ ਆਏ ਹਨ। ਉਹਨਾਂ ਕਿਹਾ ਕਿ ਜਿਵੇਂ ਪੰਜਾਬ ਵਿਚ ਭਾਜਪਾ ਦਾ ਸੂਪੜਾ ਸਾਫ ਹੋਇਆ ਹੈ, ਉਸੇ ਤਰ੍ਹਾਂ ਰਾਜਸਥਾਨ ਚੋਣਾਂ ਵਿਚ ਵੀ ਭਾਜਪਾ ਦਾ ਸੁਪੜਾ ਸਾਫ ਹੋਵੇਗਾ। ਆਮਿਰ ਖਾਨ ਨਾਂਅ ਦੇ ਨੌਜਵਾਨ ਨੇ ਕਿਹਾ ਕਿ ਲੋਕਾਂ ਨੂੰ ਕਿਸਾਨੀ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਵਿਚ ਕਿਸਾਨ ਮਹਾਪੰਚਾਇਤਾਂ ਦਾ ਬਹੁਤ ਅਹਿਮ ਯੋਗਦਾਨ ਹੈ।
Kisan Mahapanchayat Hanumangarh
ਇਸ ਮੌਕੇ ਬੈਂਕ ਵਿਚ ਨੌਕਰੀ ਕਰ ਰਹੇ ਸਰਕਾਰੀ ਕਰਮਚਾਰੀ ਨੇ ਕਿਹਾ ਕਿ ਪਹਿਲਾਂ ਉਹ ਕਿਸਾਨ ਤੇ ਕਿਸਾਨ ਦਾ ਪੁੱਤ ਹੈ। ਉਹਨਾਂ ਕਿਹਾ ਇਕ ਪਾਸੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆਂਦੇ ਗਏ ਤੇ ਦੂਜੇ ਪਾਸੇ ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਜੇ ਕਿਸਾਨੀ ਨਾ ਰਹੀ ਤਾਂ ਦੇਸ਼ ਰੁਲ ਜਾਵੇਗਾ।
Kisan Mahapanchayat Hanumangarh
ਹਨੂੰਮਾਨਗੜ੍ਹ ਵਿਚ ਖੇਤੀ ਕਾਨੂੰਨਾਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਨਾਮ ਸਿੰਘ ਚੜੂਨੀ ਨੇ ਖੇਤੀ ਕਾਨੂੰਨਾਂ ਖਿਲਾਫ ਪਿਪਲੀ ਕਿਸਾਨ ਅੰਦੋਲਨ ਕੀਤਾ ਸੀ, ਜਿਸ ਦੌਰਾਨ ਉਹਨਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਉਹ ਗੁਰਨਾਮ ਸਿੰਘ ਚੜੂਨੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੰਪਰਕ ਵਿਚ ਆਏ।
Kisan Mahapanchayat Hanumangarh
ਇਸ ਤੋਂ ਬਾਅਦ ਹਨੂੰਮਾਨਗੜ੍ਹ ਕਿਸਾਨ ਸਮਿਤੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵੱਲ਼ੋਂ ਸੰਯੁਕਤ ਮੋਰਚੇ ਦੇ ਸੱਦੇ ਅਨੁਸਾਰ ਪ੍ਰੋਗਰਾਮ ਵਿੱਢੇ ਜਾਂਦੇ ਹਨ।ਮਹਾਪੰਚਾਇਤ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ। ਕਮੇਟੀ ਦੇ ਮੈਂਬਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਹਰ ਪਾਸੇ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਚਲਦਿਆਂ 5 ਸੂਬਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਤੋਂ ਬਾਅਦ ਸਰਕਾਰ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਵੇਗੀ।