
ਅਗਲੇ 48 ਤੋਂ 72 ਘੰਟਿਆਂ ਦੌਰਾਨ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ
ਸ੍ਰੀਨਗਰ : ਜੰਮੂ ਅਤੇ ਕਸ਼ਮੀਰ 'ਚ ਇਕ ਵਾਰ ਫਿਰ ਅਤਿਵਾਦੀ ਹਮਲੇ ਦਾ ਸਾਇਆ ਮੰਡਰਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੂੰ ਖ਼ੂਫ਼ੀਆ ਜਾਣਕਾਰੀ ਮਿਲੀ ਜਿਸ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤਿਵਾਦੀ ਦੇਸ਼ ਨੂੰ ਦਹਿਲਾਉਣ ਲਈ ਖ਼ਤਰਨਾਕ ਸਾਜ਼ਸ਼ ਰਚ ਰਹੇ ਹਨ। ਇਸ ਤਹਿਤ ਜੰਮੂ ਅਤੇ ਕਸ਼ਮੀਰ ਹਾਈਵੇਅ 'ਤੇ ਫ਼ੌਜ ਦੇ ਕਾਫ਼ਲੇ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਅਲਰਟ ਜਾਰੀ ਕਰ ਦਿਤਾ ਗਿਆ ਹੈ।
Terrorists Planning Another Pulwama-like Attack on J&K Highway
ਖ਼ੂਫ਼ੀਆ ਮਾਹਰਾਂ ਅਨੁਸਾਰ ਕਸ਼ਮੀਰ ਦੇ ਸਰਹੱਦੀ ਇਲਾਕੇ ਦੇ ਦੋ ਜਾਣਕਾਰਾਂ ਨੂੰ ਫ਼ਿਦਾਈਨ ਹਮਲਾ ਕਰਨ 'ਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ। ਅਗਲੇ 48 ਤੋਂ 72 ਘੰਟਿਆਂ ਦੌਰਾਨ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਅਤਿਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਬਾਈਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖ਼ੂਫ਼ੀਆ ਰਿਪੋਰਟ ਤੋਂ ਬਾਅਦ ਫ਼ੌਜ, ਜੰਮੂ ਅਤੇ ਕਸ਼ਮੀਰ ਪੁਲਿਸ, ਵਿਸ਼ੇਸ਼ ਮੁਹਿੰਮ ਜਥੇਬੰਦੀ (ਐੱਸ. ਓ. ਜੀ) ਅਤੇ ਸੀ. ਆਰ. ਪੀ. ਐਫ਼ ਇਕਾਈਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਸਾਵਧਾਨੀ ਵਜੋਂ ਸੁਰਖਿਆ ਬਲਾਂ ਦੇ ਦਸਤੇ ਦੀ ਮੂਵਮੈਂਟ 'ਤੇ ਵੀ ਰੋਕ ਲਗਾ ਦਿਤੀ ਗਈ ਹੈ। ਇਸ ਦੇ ਨਾਲ ਹੀ ਮੋਬਾਈਲ ਅਤੇ ਇੰਟਰਨੈੱਟ ਸੇਵਾ 'ਤੇ ਵੀ ਰੋਕ ਲਗਾ ਦਿਤੀ ਗਈ ਹੈ।
Terrorists Planning Another Pulwama-like Attack on J&K Highway
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਰੱਖਿਆ ਲਈ ਵੱਡਾ ਕਦਮ ਚੁੱਕਦੇ ਹੋਏ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਸੁਰੱਖਿਅਤ ਮਾਰਗ ਦੇਣ ਲਈ ਜੰਮੂ-ਸ੍ਰੀਨਗਰ-ਬਾਰਾਮੂਲਾ ਨੈਸ਼ਨਲ ਹਾਈਵੇਅ ਹਫ਼ਤੇ ਵਿਚ 2 ਦਿਨ ਆਮ ਜਨਤਾ ਲਈ ਬੰਦ ਕਰਨ ਦਾ ਫ਼ੈਸਲਾ ਲਾਗੂ ਕੀਤਾ ਸੀ। ਇਹ ਫ਼ੈਸਲਾ 31 ਮਈ ਤੱਕ ਲਾਗੂ ਰਹੇਗਾ। ਆਮ ਨਾਗਰਿਕਾਂ ਲਈ ਆਵਾਜਾਈ ਹਰ ਹਫ਼ਤੇ ਐਤਵਾਰ ਅਤੇ ਬੁੱਧਵਾਰ ਨੂੰ ਬੰਦ ਰਹੇਗੀ। (ਏਜੰਸੀ)