
ਲਗਭਗ ਡੇਢ ਘੰਟੇ ਤਕ ਚਲਿਆ ਆਪ੍ਰੇਸ਼ਨ ; ਮੇਖਾਂ ਤੋਂ ਇਲਾਵਾ ਛੱਰਾ ਅਤੇ ਲੋਹੇ ਦੀ ਤਾਰ ਵੀ ਢਿੱਡ 'ਚੋਂ ਕੱਢੀ
ਬੂੰਦੀ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਆਪ੍ਰੇਸ਼ਨ ਤੋਂ ਬਾਅਦ ਇਕ ਵਿਅਕਤੀ ਦੇ ਢਿੱਡ 'ਚੋਂ 116 ਲੋਹੇ ਦੀਆਂ ਮੇਖਾਂ, ਲੋਹੇ ਦਾ ਛੱਰਾ ਅਤੇ ਤਾਰ ਕੱਢੀ। ਸੋਮਵਾਰ ਨੂੰ ਕੀਤੇ ਗਏ ਇਸ ਆਪ੍ਰੇਸ਼ਨ ਤੋਂ ਬਾਅਦ ਇਹ ਵਿਅਕਤੀ ਹੁਣ ਬਿਲਕੁਲ ਠੀਕ ਹੈ। ਡਾ. ਅਨਿਲ ਸੈਣੀ ਨੇ ਦੱਸਿਆ ਕਿ ਬਾਲਚੰਦਪਾੜਾ ਵਾਸੀ ਭੋਲਾ ਸ਼ੰਕਰ ਮਾਲੀ (42) ਢਿੱਡ ਦਰਦ ਅਤੇ ਸੋਜਸ਼ ਦੀ ਸ਼ਿਕਾਇਤ ਲੈ ਕੇ ਆਇਆ ਸੀ।
116 Iron Nails, Wire Removed From Man's Stomach In Rajathan's Bundi
ਉਸ ਦੀ ਐਕਸ-ਰੇਅ ਜਾਂਚ ਕਰਵਾਈ ਗਈ। ਜਾਂਚ 'ਚ ਉਸ ਦੇ ਢਿੱਡ ਅੰਦਰ ਮੇਖਾਂ ਦਾ ਇਕ ਗੁੱਛਾ ਨਜ਼ਰ ਆਇਆ। ਇਸ ਤੋਂ ਬਾਅਦ ਤੁਰੰਤ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ। ਉਸ ਦੇ ਢਿੱਡ ਅੰਦਰੋਂ 6.5 ਸੈਂਟੀਮੀਟਰ ਲੰਮੀਆਂ 116 ਮੇਖਾਂ ਬਾਹਰ ਕੱਢੀਆਂ ਗਈਆਂ। ਲਗਭਗ ਡੇਢ ਘੰਟੇ ਤਕ ਚਲੇ ਇਸ ਆਪ੍ਰੇਸ਼ਨ 'ਚ 116 ਮੇਖਾਂ, ਇਕ ਲੋਹੇ ਦਾ ਛੱਰਾ ਅਤੇ ਇਕ ਤਾਰ ਬਾਹਰ ਕੱਢੀ ਗਈ।
116 Iron Nails, Wire Removed From Man's Stomach In Rajathan's Bundi
ਯਕੀਨੀ ਤੌਰ 'ਤੇ ਇਹ ਦੇਸ਼ 'ਚ ਅਜਿਹਾ ਪਹਿਲਾ ਮਾਮਲਾ ਹੋਵੇਗਾ, ਜਿਸ 'ਚ ਇੰਨੀ ਲੰਮੀ ਅਤੇ ਵੱਧ ਮਾਤਰਾ 'ਚ ਮੇਖਾਂ ਕਿਸੇ ਮਰੀਜ਼ ਦੇ ਢਿੱਡ 'ਚੋਂ ਕੱਢੀਆਂ ਗਈਆਂ ਹੋਣ। ਡਾ. ਸੈਣੀ ਨੇ ਦੱਸਿਆ ਕਿ ਮਰੀਜ਼ ਦਿਮਾਗੀ ਤੌਰ 'ਤੇ ਕਮਜ਼ੋਰ ਹੈ। ਫਿਲਹਾਲ ਉਸ ਦੀ ਹਾਲਤ ਠੀਕ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਲੰਮੀਆਂ ਮੇਖਾਂ ਮਰੀਜ਼ ਦੇ ਗਲੇ ਜਾਂ ਕਿਸੇ ਹੋਰ ਹਿੱਸੇ 'ਚ ਨਹੀਂ ਫਸੀਆਂ। ਇਨ੍ਹਾਂ ਮੇਖਾਂ ਦਾ ਭਾਰ ਲਗਭਗ 100 ਗ੍ਰਾਮ ਹੈ।
116 Iron Nails, Wire Removed From Man's Stomach In Rajathan's Bundi
ਭੋਲਾ ਸ਼ੰਕਰ ਦੇ ਛੋਟੇ ਭਰਾ ਨੇ ਦੱਸਿਆ ਕਿ ਉਹ ਸ਼ਹਿਰ 'ਚ ਘੁੰਮਦਾ ਰਹਿੰਦਾ ਹੈ। ਸਵੇਰੇ ਘਰ ਤੋਂ ਨਿਕਲ ਜਾਂਦਾ ਹੈ ਅਤੇ ਰਾਤ ਨੂੰ ਵਾਪਸ ਮੁੜਦਾ ਹੈ। ਸਾਨੂੰ ਨਹੀਂ ਪਤਾ ਕਿ ਉਸ ਦੇ ਸ਼ਰੀਰ ਅੰਦਰ ਇੰਨੀਆਂ ਮੇਖਾਂ ਕਿਵੇਂ ਚਲੀਆਂ ਗਈਆਂ। ਉਸ ਨੇ ਦੱਸਿਆ ਕਿ ਭੋਲਾ ਸ਼ੰਕਰ ਦਾ ਪਿਛਲੇ ਲਗਭਗ 25 ਸਾਲ ਤੋਂ ਦਿਮਾਗੀ ਇਲਾਜ ਚੱਲ ਰਿਹਾ ਹੈ।