
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤਾ ਟਵੀਟ
ਨਵੀਂ ਦਿੱਲੀ: ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਲੀ ਵਿਚ ਹੜ੍ਹ ਵਰਗੀ ਸਥਿਤੀ ਬਾਰੇ ਜਾਣਨ ਲਈ ਪੈਰਿਸ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫ਼ੋਨ ਕਰਨਾ ਚੰਗੀ ਗੱਲ ਹੈ, ਪਰ ਉਨ੍ਹਾਂ ਨੇ ਅਪਣੀ ਅਮਰੀਕਾ ਫੇਰੀ ਦੌਰਾਨ ਅਜਿਹਾ ਨਹੀਂ ਕੀਤਾ। ਮਣੀਪੁਰ ਹਿੰਸਾ ਨੂੰ ਲੈ ਕੇ ਅਜਿਹਾ ਕਿਉਂ ਨਹੀਂ ਕੀਤਾ ਗਿਆ? ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨੇ ਮਣੀਪੁਰ 'ਤੇ ਪੂਰੀ ਤਰ੍ਹਾਂ ਚੁੱਪ ਰਹਿਣ ਦੀ ਸਹੁੰ ਚੁੱਕੀ ਜਾਪਦੀ ਹੈ।
ਇਹ ਵੀ ਪੜ੍ਹੋ: ਕਪੂਰਥਲਾ ਜੇਲ ਵਿਚ ਖ਼ੂਨੀ ਝੜਪ ਦਾ ਮਾਮਲਾ, 7 ਕੈਦੀਆਂ ਅਤੇ 16 ਹਵਾਲਾਤੀਆਂ ਵਿਰੁਧ ਮਾਮਲਾ ਦਰਜ
ਉਨ੍ਹਾਂ ਟਵੀਟ ਕੀਤਾ, “ਪ੍ਰਧਾਨ ਮੰਤਰੀ ਨੇ ਦਿੱਲੀ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਨ ਲਈ ਪੈਰਿਸ ਤੋਂ ਗ੍ਰਹਿ ਮੰਤਰੀ ਨੂੰ ਫ਼ੋਨ ਕੀਤਾ। ਇਹ ਚੰਗਾ ਹੈ ਕਿ ਉਸ ਨੇ ਇੰਨੀ ਚਿੰਤਾ ਕੀਤੀ। ਜਦੋਂ ਉਹ ਅਮਰੀਕਾ ਵਿਚ ਸਨ ਅਤੇ ਮਣੀਪੁਰ ਸੜ ਰਿਹਾ ਸੀ ਤਾਂ ਅਜਿਹਾ ਕੋਈ ਫ਼ੋਨ ਕਿਉਂ ਨਹੀਂ ਕੀਤਾ ਗਿਆ?” ਰਮੇਸ਼ ਨੇ ਕਿਹਾ, “ਹੁਣ ਉਹ ਫਰਾਂਸ ਵਿਚ ਹਨ ਤਾਂ ਵੀ ਮਣੀਪੁਰ ਸੜ ਰਿਹਾ ਹੈ। ਪਰ ਲੱਗਦਾ ਹੈ ਕਿ ਉਨ੍ਹਾਂ ਨੇ ਮਣੀਪੁਰ 'ਤੇ ਪੂਰੀ ਤਰ੍ਹਾਂ ਚੁੱਪ ਰਹਿਣ ਦੀ ਸਹੁੰ ਚੁੱਕੀ ਹੋਈ ਹੈ”।