ਕਿਸਾਨ ਨੂੰ ਖੇਤ 'ਚ ਮਿਲਿਆ ਟਰਾਲੀ ਬੈਗ, ਪੁਲਿਸ ਨੂੰ ਦਿੱਤੀ ਸੂਚਨਾ
ਰੇਵਾੜੀ - ਦਿੱਲੀ-ਜੈਪੁਰ ਹਾਈਵੇਅ 'ਤੇ ਕਸੋਲਾ ਫ਼ਲਾਈਓਵਰ ਨੇੜੇ ਇੱਕ ਖੇਤ ਵਿੱਚੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਦੇ ਅੰਗ ਬਰਾਮਦ ਹੋਏ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਇੱਕ ਕਿਸਾਨ ਨੂੰ ਉਸ ਦੇ ਖੇਤ ਵਿੱਚ ਔਰਤ ਦਾ ਸਿਰ ਤੇ ਧੜ ਮਿਲਿਆ, ਅਤੇ ਉਸ ਦੇ ਹੱਥ-ਪੈਰ ਇੱਕ ਟਰਾਲੀ ਬੈਗ ਵਿੱਚ ਭਰੇ ਹੋਏ ਸਨ। ਲਾਸ਼ ਕਰੀਬ 10 ਦਿਨ ਪੁਰਾਣੀ ਜਾਪਦੀ ਹੈ ਅਤੇ ਸੜ ਰਹੀ ਸੀ।
ਪਿੰਡ ਅਸਲਵਾਸ ਦੇ ਰਹਿਣ ਵਾਲੇ ਕਿਸਾਨ ਰਾਮਪਾਲ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਉਹ ਮੰਗਲਵਾਰ ਰਾਤ ਕਰੀਬ 9 ਵਜੇ ਆਪਣੇ ਸਰ੍ਹੋਂ ਦੇ ਖੇਤ ਵਿੱਚ ਗਿਆ ਤਾਂ ਉਸ ਨੇ ਝਾੜੀਆਂ ਵਿੱਚ ਇੱਕ ਕਾਲੇ ਰੰਗ ਦਾ ਟਰਾਲੀ ਬੈਗ ਦੇਖਿਆ, ਜਿਸ ਦੇ ਦੁਆਲ਼ੇ ਕੁੱਤੇ ਘੁੰਮ ਰਹੇ ਸਨ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਰਾਮਪਾਲ ਨੇ ਕਿਹਾ, "ਜਦੋਂ ਮੈਂ ਬੈਗ ਦੇ ਨੇੜੇ ਗਿਆ ਤਾਂ ਮੈਨੂੰ ਉਸ ਵਿੱਚੋਂ ਬਦਬੂ ਆਉਂਦੀ ਮਹਿਸੂਸ ਹੋਈ। ਜਦੋਂ ਮੈਂ ਬੈਗ ਵੱਲ੍ਹ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਅੰਦਰ ਹੱਥ-ਪੈਰ ਨਜ਼ਰ ਆਏ। ਔਰਤ ਦਾ ਧੜ ਅਤੇ ਸਿਰ ਬੈਗ ਤੋਂ ਕੁਝ ਦੂਰੀ 'ਤੇ ਪਿਆ ਸੀ।"
ਰਾਮਪਾਲ ਨੇ ਕਿਹਾ, ''ਮੈਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਪਦਾ ਸੀ ਕਿ ਕਿਸੇ ਨੇ ਔਰਤ ਦਾ ਕਤਲ ਕਰ ਦਿੱਤਾ, ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਸੁੱਟ ਦਿੱਤੀ।"
ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਦੇ ਟੁਕੜਿਆਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।
ਮੰਗਲਵਾਰ ਦੇਰ ਰਾਤ ਕਸੋਲਾ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 (ਕਤਲ) ਅਤੇ 201 (ਅਪਰਾਧ ਦਾ ਸਬੂਤ ਮਿਟਾਉਣ) ਤਹਿਤ ਇੱਕ ਐਫ.ਆਈ.ਆਰ. ਦਰਜ ਕੀਤੀ ਗਈ।
ਕਸੋਲਾ ਥਾਣੇ ਦੇ ਇੰਚਾਰਜ ਇੰਸਪੈਕਟਰ ਮਨੋਜ ਕਾਦਿਆਨ ਨੇ ਕਿਹਾ, “ਅਸੀਂ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਵਾਂਗੇ।”