
ਉਨ੍ਹਾਂ ਬੀਬੀਆਂ ਲਈ ਇਕ ਉਦਾਹਰਣ ਬਣਨਾ ਚਾਹੁੰਦੀ ਸੀ, ਜਿਨ੍ਹਾਂ ਨੇ ਸਮਾਜਿਕ ਦਬਾਅ ਵਿਚ ਆਪਣੇ ਖੰਭ ਕੱਟ ਲਏ
ਜੰਮੂ : ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ...ਸੁਰਜੀਤ ਪਾਤਰ ਦੀ ਮਸ਼ਹੂਰ ਕਵਿਤਾ ਹੈ ਜੋ ਸਾਨੂੰ ਔਖੇ ਪੈਡਿਆਂ ਨੂੰ ਤੈਅ ਕਰਨ ਦਾ ਜ਼ਜ਼ਬਾ ਪ੍ਰਦਾਨ ਕਰਦੀ ਹੈ। ਕਵਿਤਾ ਦੇ ਇਸੇ ਭਾਵ ਨੂੰ ਸੱਚ ਕਰ ਵਿਖਾਇਆ ਹੈ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਸਾਈਮਾ ਉਬੈਦ ਨੇ, ਜਿਸ ਨੇ ਪਾਵਰ ਲਿਫਟਿੰਗ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਜਿੱਥੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਮ ਤੌਰ 'ਤੇ ਕਮਜੋਰ ਅਤੇ ਔਖੇ ਕਾਰਜਾਂ ਲਈ ਅਸਮਰਥ ਸਮਝੀ ਜਾਂਦੀ ਔਰਤ ਜਾਤ ਲਈ ਲਈ ਔਖੇ ਪੈਂਡਿਆਂ ਦਾ ਰਾਹੀ ਬਣਨ ਦੀ ਮਿਸਾਲ ਕਾਇਮ ਕੀਤੀ ਹੈ।
Saima Ubaid
ਇੰਨਾ ਹੀ ਨਹੀਂ, ਇਹ ਖਿਤਾਬ ਜਿੱਤਣ ਤੋਂ ਬਾਅਦ ਸਾਈਮਾ ਉਬੈਦ ਕਸ਼ਮੀਰ ਦੀ ਪਹਿਲੀ ਬੀਬੀ ਬਣ ਗਈ ਹੈ, ਜਿਨ੍ਹਾਂ ਨੇ ਪਾਵਰ ਲਿਫਟਿੰਗ ਦੇ ਰੂਪ ’ਚ ਆਪਣਾ ਕਰੀਅਰ ਚੁਣਿਆ ਹੈ। ਸਾਈਮਾ ਉਬੈਦ ਦੱਸਦੀ ਹੈ ਕਿ ਉਸ ਦੇ ਪਤੀ ਉਬੇਜ ਹਾਫਿਜ਼ ਵੀ ਪਾਵਰ ਲਿਫਟਰ ਹਨ। ਉਨ੍ਹਾਂ ਨੇ ਹੀ ਉਸ ਨੂੰ ਸਿਖਲਾਈ ਦਿੱਤੀ ਅਤੇ ਤਮਗਾ ਜਿੱਤਣ ’ਚ ਮਦਦ ਕੀਤੀ। ਜਦੋਂ ਮੈਂ ਜਿਮ ਜੁਆਇਨ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਵਜ਼ਨ ਦਾ ਸਾਹਮਣਾ ਕਰਨਾ ਪਿਆ। ਮੇਰੇ ਪਤੀ ਨੇ ਮੇਰਾ ਵਜ਼ਨ ਘੱਟ ਕਰਨ ’ਚ ਮਦਦ ਕੀਤੀ।
Saima Ubaid
ਸਾਈਮਾ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਬੀਬੀਆਂ ਲਈ ਇਕ ਉਦਾਹਰਣ ਬਣਨਾ ਚਾਹੁੰਦੀ ਸੀ, ਜਿਨ੍ਹਾਂ ਨੇ ਸਮਾਜਿਕ ਦਬਾਅ ਵਿਚ ਆਪਣੇ ਖੰਭ ਕੱਟ ਲਏ ਅਤੇ ਸੁਫ਼ਨਿਆਂ ਨੂੰ ਮਾਰ ਲਿਆ। ਵਿਆਹ ਅਤੇ ਇਕ ਬੱਚੇ ਤੋਂ ਬਾਅਦ ਮੇਰਾ ਖੇਡਣਾ ਜਾਰੀ ਹੈ। ਮੈਂ ਬੀਬੀਆਂ ਨੂੰ ਵਿਖਾਉਣਾ ਚਾਹੁੰਦੀ ਸੀ ਕਿ ਉਹ ਜੋ ਵੀ ਸੁਫ਼ਨੇ ਵੇਖਦੀਆਂ ਹਨ, ਉਸ ਨੂੰ ਹਾਸਲ ਕਰ ਸਕਦੀਆਂ ਹਨ।
Saima Ubaid
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਬੀਬੀਆਂ ਲਈ ਇਕ ਪਾਵਰ ਲਿਫਟਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ। ਦਸਬੰਰ 2020 ’ਚ ਚੌਥੀ ਕਸ਼ਮੀਰ ਪਾਵਰ ਲਿਫਟਿੰਗ, ਬੈਂਚ ਪ੍ਰੈੱਸ ਅਤੇ ਡੈੱਡਲਿਫਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਸਾਈਮਾ ਨੇ 255 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ।