
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਮ ਮੰਦਰ 'ਤੇ ਇਕ ਬਿਆਨ ਨੂੰ ਉਸ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਜੋੜਨ ਨੂੰ ਲੈ ਕੇ ਏ.ਆਈ.ਐਮ.ਆਈ.ਐਮ. ਆਗੂ ਅਸਾਦੁਦੀਨ ਉਵੈਸੀ............
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਮ ਮੰਦਰ 'ਤੇ ਇਕ ਬਿਆਨ ਨੂੰ ਉਸ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਜੋੜਨ ਨੂੰ ਲੈ ਕੇ ਏ.ਆਈ.ਐਮ.ਆਈ.ਐਮ. ਆਗੂ ਅਸਾਦੁਦੀਨ ਉਵੈਸੀ 'ਤੇ ਅੱਜ ਹਮਲਾ ਕੀਤਾ ਅਤੇ ਕਿਹਾ ਕਿ ਭਾਜਪਾ ਪ੍ਰਧਾਨ ਨੇ ਤੇਲੰਗਾਨਾ ਯਾਤਰਾ ਦੌਰਾਨ ਇਸ ਮੁੱਦੇ 'ਤੇ ਕੋਈ ਬਿਆਨ ਨਹੀਂ ਦਿਤਾ।
ਭਾਜਪਾ ਨੇ ਟਵੀਟ ਰਾਹੀਂ ਕਿਹਾ ਕਿ ਰਾਮ ਮੰਦਰ ਸ਼ਾਹ ਦੀ ਇਕ ਦਿਨ ਦੀ ਹੈਦਰਾਬਾਦ ਯਾਤਰਾ ਦੇ ਏਜੰਡੇ 'ਚ ਨਹੀਂ ਸੀ। ਉਨ੍ਹਾਂ ਟਵਿੱਟਰ 'ਤੇ ਲਿਖਿਆ, ''ਮੀਡੀਆ 'ਚ ਵਿਖਾਏ ਅਨੁਸਾਰ ਕਲ ਤੇਲੰਗਾਨਾ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਮ ਮੰਦਰ ਦੇ ਮੁੱਦੇ 'ਤੇ ਕੋਈ ਬਿਆਨ ਨਹੀਂ ਦਿਤਾ।
ਕੋਈ ਅਜਿਹਾ ਮਾਮਲਾ ਏਜੰਡੇ 'ਚ ਨਹੀਂ ਸੀ।'' ਪਾਰਟੀ ਦੀ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਉਵੈਸੀ ਨੇ ਕੁੱਝ ਬਿਆਨਾਂ ਨੂੰ ਸ਼ਾਹ ਨਾਲ ਜੋੜਿਆ ਅਤੇ ਮੰਗ ਕੀਤੀ ਕਿ ਰਾਮ ਜਨਮਭੂਮੀ - ਬਾਬਰੀ ਮਸਜਿਦ ਮਾਮਲੇ 'ਚ ਸਿਖਰਲੀ ਅਦਾਲਤ ਦਾ ਫ਼ੈਸਲਾ ਸੰਸਦੀ ਚੋਣਾਂ ਮਗਰੋਂ ਆਉਣਾ ਚਾਹੀਦਾ ਹੈ ਤਾਕਿ ਇਹ ਚੋਣਾਂ ਆਜ਼ਾਦ ਅਤੇ ਨਿਰਪੱਖ ਰਹਿਣ। ਭਾਜਪਾ ਦੇ ਮੀਡੀਆ ਸੈੱਲ ਦੇ ਇੰਚਾਰਜ ਅਨਿਲ ਬਲੂਨੀ ਨੇ ਕਿਹਾ, ''ਸ਼ਾਹ 'ਤੇ ਹਮਲਾ ਕਰਨ ਦੀ ਬਜਾਏ ਉਵੈਸੀ ਨੂੰ ਇਹ ਸਿਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇਸ਼ ਲਈ ਕੰਮ ਕੀਤਾ ਜਾਵੇ।'' (ਪੀਟੀਆਈ)