
ਹਫ਼ਤਾਵਾਰੀ ਬਾਜ਼ਾਰ ਖੁਲ੍ਹਿਆ ਪਰ ਆਮ ਜਨਜੀਵਨ ਠੱਪ
ਸ੍ਰੀਨਗਰ : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਦੇ ਬਹੁਤੇ ਪ੍ਰਾਵਧਾਨਾਂ ਨੂੰ ਖ਼ਤਮ ਕੀਤੇ ਜਾਣ ਮਗਰੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ 42ਵੇਂ ਦਿਨ ਵੀ ਕਸ਼ਮੀਰ ਘਾਟੀ ਵਿਚ ਜਨ-ਜੀਵਨ ਠੱਪ ਰਿਹਾ। ਘਾਟੀ ਵਿਚ ਦੁਕਾਨਾਂ ਅਤੇ ਜਨਤਕ ਆਵਾਜਾਈ ਬੰਦ ਹੈ ਹਾਲਾਂਕਿ ਸ੍ਰੀਨਗਰ ਵਿਚ ਹਫ਼ਤਾਵਰੀ ਬਾਜ਼ਾਰ ਐਤਵਾਰ ਨੂੰ ਖੁਲ੍ਹਾ ਰਿਹਾ।
Security forces in Jammu Kashmir
ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਨੂੰ ਟੀਆਰਸੀ ਚੌਕ ਪੋਲੋ ਵਿਊ ਐਕਸਿਸ 'ਤੇ ਕਈ ਰੇਹੜੀ ਵਾਲਿਆਂ ਨੇ ਅਪਣੀਆਂ ਦੁਕਾਨਾਂ ਲਾਈਆਂ। ਘਾਟੀ ਦੇ ਕਈ ਹਿੱਸਿਆਂ ਵਿਚ ਲੋਕ ਸਮਾਨ ਖ਼ਰੀਦਣ ਲਈ ਬਾਜ਼ਾਰ ਆਏ। ਅਧਿਕਾਰੀਆਂ ਨੇ ਦਸਿਆ ਕਿ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਬਾਜ਼ਾਰ ਵਿਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਨਿਜੀ ਵਾਹਨ ਸ਼ਹਿਰ ਅਤੇ ਘਾਟੀ ਵਿਚ ਚੱਲ ਰਹੇ ਹਨ ਜਦਕਿ ਕੁੱਝ ਆਟੋ ਰਿਕਸ਼ਾ ਅਤੇ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਣ ਵਾਲੀਆਂ ਕੈਬਾਂ ਵੀ ਚੱਲ ਰਹੀਆਂ ਹਨ। ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਹਨ ਅਤੇ ਜਨਤਕ ਆਵਾਜਾਈ ਸੜਕਾਂ ਤੋਂ ਨਾਦਾਰਦ ਹੈ। ਅਧਿਕਾਰੀਆਂ ਨੇ ਦਸਿਆ ਕਿ ਇੰਟਰਨੈਟ ਸੇਵਾਵਾਂ ਰੋਕੀਆਂ ਹੋਈਆਂ ਹਨ।
Jammu and Kashmir
ਘਾਟੀ ਵਿਚ ਟੈਲੀਫ਼ੋਨ ਕੰਮ ਕਰ ਰਹੇ ਹਨ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਹੰਦਵਾੜਾ ਵਿਚ ਮੋਬਾਈਲ ਕੰਮ ਕਰ ਰਹੇ ਹਨ, ਇੰਟਰਨੈਟ ਨਹੀਂ। ਅਧਿਕਾਰੀਆਂ ਨੇ ਦਸਿਆ ਕਿ ਘਾਟੀ ਦੇ ਬਹੁਤੇ ਖੇਤਰਾਂ ਵਿਚ ਪਾਬੰਦੀਆਂ ਨਹੀਂ ਹਨ ਪਰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਬਲ ਤੈਨਾਤ ਹਨ। ਮੁੱਖ ਧਾਰਾ ਦੇ ਆਗੂਆਂ-ਤਿੰਨ ਸਾਬਕਾ ਮੁੱਖ ਮੰਤਰੀਆਂ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਹੋਰ ਆਗੂਆਂ ਨੂੰ ਜਾਂ ਤਾਂ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਜ਼ਰਬੰਦ ਰਖਿਆ ਗਿਆ ਹੈ। ਇਸ ਤੋਂ ਇਲਾਵਾ ਵੱਖਵਾਦੀ ਨੇਤਾ ਵੀ ਹਿਰਾਸਤ ਵਿਚ ਹਨ।
Jammu and Kashmir
ਹਰ ਸ਼ੁਕਰਵਾਰ ਨੂੰ ਪਾਬੰਦੀਆਂ :
ਪ੍ਰਸ਼ਾਸਨ ਹਰ ਸ਼ੁਕਰਵਾਰ ਨੂੰ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਪਾਬੰਦੀਆਂ ਲਾ ਰਿਹਾ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਕੁੱਝ ਲੋਕ ਮਸਜਿਦਾਂ ਅਤੇ ਦਰਗਾਹਾਂ 'ਤੇ ਲੋਕਾਂ ਦੇ ਇਕੱਠ ਦੀ ਵਰਤੋਂ ਪ੍ਰਦਰਸ਼ਨ ਕਰ ਲਈ ਕਰ ਸਕਦੇ ਹਨ। ਪਿਛਲੇ ਇਕ ਮਹੀਨੇ ਤੋਂ ਸ਼ੁਕਰਵਾਰ ਨੂੰ ਜਾਮੀਆ ਮਸਜਿਦ, ਹਜ਼ਰਤ ਬਲ ਦੀ ਦਰਗਾਹ ਸ਼ਰੀਫ਼ ਸਮੇਤ ਬਹੁਤੀਆਂ ਵੱਡੀਆਂ ਮਸਜਿਦਾਂ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਦੀ ਆਗਿਆ ਨਹੀਂ।