
ਰਵਿੰਦਰ ਸ਼ਰਮਾ ਨੂੰ ਹਿਰਾਸਤ ਵਿਚ ਲਏ ਜਾਣ ਦੀ ਕਾਰਵਾਈ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਦਸਿਆ।
ਜੰਮੂ : ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਨੂੰ ਪੱਤਰਕਾਰ ਸੰਮੇਲਨ ਕਰਨ ਤੋਂ ਰੋਕ ਦਿਤਾ ਗਿਆ ਅਤੇ ਪੁਲਿਸ ਨੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਸਾਬਕਾ ਐਮਐਲਸੀ ਰਵਿੰਦਰ ਸ਼ਰਮਾ ਨੂੰ ਪਾਰਟੀ ਦਫ਼ਤਰ ਤੋਂ ਹਿਰਾਸਤ ਵਿਚ ਲੈ ਲਿਆ। ਸ਼ਰਮਾ ਸ਼ਹੀਦੀ ਚੌਕ 'ਤੇ ਪੈਂਦੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰ ਸੰਮੇਲਨ ਕਰਨ ਵਾਲੇ ਸਨ। ਤਦ ਪੁਲਿਸ ਪਾਰਟੀ ਉਥੇ ਪੁੱਜੀ ਅਤੇ ਉਨ੍ਹਾਂ ਨੂੰ ਨਾਲ ਚੱਲਣ ਲਈ ਕਿਹਾ ਕਿਉਂਕਿ ਸੀਨੀਅਰ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਸ਼ਰਮਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ ਪਰ ਉਨ੍ਹਾਂ ਨੂੰ ਜਬਰੀ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪੁਲਿਸ ਸਟੇਸ਼ਨ ਲਿਜਾਇਆ ਗਿਆ।
Ravinder Sharma
ਪਾਰਟੀ ਆਗੂ ਸੁਰੇਸ਼ ਕੁਮਾਰ ਡੋਗਰਾ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦਸਿਆ, 'ਪ੍ਰਸ਼ਾਸਨ ਦੀ ਕਾਰਵਾਈ ਗ਼ੈਰ-ਜਮਹੂਰੀ ਹੈ। ਅਸੀਂ ਲੋਕਾਂ ਦੇ ਖੋਹੇ ਹੋਏ ਅਧਿਕਾਰਾਂ ਨੂੰ ਉਜਾਗਰ ਕਰਨ ਅਤੇ ਪਾਰਟੀ ਆਗੂਆਂ ਦੀ ਗ੍ਰਿਫ਼ਤਾਰੀ ਤੇ ਨਜ਼ਰਬੰਦੀ ਬਾਰੇ ਗੱਲ ਕਰਨ ਲਈ ਪੱਤਰਕਾਰ ਸੰਮੇਲਨ ਕਰਨਾ ਸੀ।' ਉਨ੍ਹਾਂ ਸ਼ਰਮਾ ਨੂੰ ਹਿਰਾਸਤ ਵਿਚ ਲਏ ਜਾਣ ਦੀ ਕਾਰਵਾਈ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਦਸਿਆ।
J&K senior Congress leader Ravinder Sharma detained
ਡੋਗਰਾ ਨੇ ਕਿਹਾ, 'ਇਹ ਪੂਰੀ ਤਰ੍ਹਾਂ ਤਾਨਾਸ਼ਾਹੀ ਹੈ ਅਤੇ ਜਮਹੂਰੀ ਢੰਗ ਨਾਲ ਅਪਣੀ ਗੱਲ ਰੱਖਣ ਦੇ ਸਾਡੇ ਅਧਿਕਾਰ ਦੀ ਉਲੰਘਣਾ ਹੈ। ਅਸੀਂ ਧਾਰਾ 370 ਬਾਰੇ ਸਰਕਾਰ ਦੇ ਫ਼ੈਸਲੇ ਵਿਰੁਧ ਵਿਦਰੋਹ ਸ਼ੁਰੂ ਨਹੀਂ ਕਰਨ ਜਾ ਰਹੇ।' ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਸ਼ਰਮਾ ਨੂੰ ਅਹਿਤਿਆਤ ਵਜੋਂ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਕਿਹਾ, 'ਅਜਿਹਾ ਖ਼ਦਸ਼ਾ ਸੀ ਕਿ ਉਨ੍ਹਾਂ ਦਾ ਭਾਸ਼ਨ ਲੋਕਾਂ ਨੂੰ ਉਕਸਾ ਸਕਦਾ ਹੈ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ।'
Jammu-Kashmir
ਹਿਰਾਸਤ ਵਿਚ ਲਿਆ ਗਿਆ ਕਸ਼ਮੀਰੀ ਪੱਤਰਕਾਰ ਮੁਚੱਲਕੇ 'ਤੇ ਰਿਹਾਅ :
ਸ੍ਰੀਨਗਰ, 16 ਅਗੱਸਤ : ਸੁਰੱਖਿਆ ਬਲਾਂ ਦੁਆਰਾ ਵੀਰਵਾਰ ਰਾਤ ਹਿਰਾਸਤ ਵਿਚ ਲਏ ਗਏ ਕਸ਼ਮੀਰੀ ਪੱਤਰਕਾਰ ਨੂੰ ਮੁਚੱਲਕੇ 'ਤੇ ਰਿਹਾਅ ਕਰ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਗਰੇਟਰ ਕਸ਼ਮੀਰ ਅਖ਼ਬਾਰ ਦੇ ਪੱਤਰਕਾਰ ਇਰਫ਼ਾਨ ਮਲਿਕ ਨੂੰ ਪੁਲਵਾਮਾ ਜ਼ਿਲ੍ਹੇ ਵਿਚ ਪੈਂਦੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਗਿਆ ਸੀ। ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ ਅਤੇ ਮੁਚੱਲਕੇ 'ਤੇ ਦਸਤਖ਼ਤ ਕਰਵਾਉਣ ਮਗਰੋਂ ਰਿਹਾਅ ਕਰ ਦਿਤਾ ਗਿਆ। ਹਾਲੇ ਇਹ ਪਤਾ ਨਹੀਂ ਲੱਗਾ ਕਿ ਉਸ ਨੂੰ ਕਿਸ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਚੱਲਕਾ ਉਨ੍ਹਾਂ ਲੋਕਾਂ ਤੋਂ ਲਿਆ ਜਾਂਦਾ ਹੈ ਕਿ ਜਿਹੜੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ।