
ਨਵਜਾਤ ਦੇ ਜਨਮ ਸਰਟੀਫ਼ਿਕੇਟ ਦੇ ਨਾਲ ਹੀ ਜਾਰੀ ਹੋਵੇਗਾ ਆਧਾਰ ਨੰਬਰ, 16 ਸੂਬਿਆਂ 'ਚ ਜਾਰੀ ਹੈ ਪ੍ਰੋਜੈਕਟ ਦਾ ਕੰਮ
ਨਵੀਂ ਦਿੱਲੀ - ਆਧਾਰ ਕਾਰਡ ਬਣਾਉਣ 'ਚ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਹੁਣ ਭਾਰਤ 'ਚ ਬੱਚੇ ਦੇ ਜਨਮ ਦੇ ਨਾਲ ਹੀ ਉਸ ਨੂੰ ਆਧਾਰ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਗਲੇ ਕੁਝ ਮਹੀਨਿਆਂ 'ਚ ਇਸ ਨੂੰ ਦੇਸ਼ ਭਰ 'ਚ ਲਾਗੂ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿੱਚ ਇਸ ਸਮੇਂ ਦੇਸ਼ ਦੇ 16 ਸੂਬਿਆਂ ਵਿੱਚ ਕੰਮ ਜਾਰੀ ਹੈ। ਕਈ ਥਾਵਾਂ 'ਤੇ ਜਨਮ ਸਰਟੀਫ਼ਿਕੇਟ ਦੇ ਨਾਲ ਆਧਾਰ ਨੰਬਰ ਵੀ ਦਿੱਤਾ ਜਾ ਰਿਹਾ ਹੈ। ਜਲਦੀ ਹੀ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰ ਦਿੱਤੇ ਜਾਣ ਦੀ ਉਮੀਦ ਹੈ।
ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਰਕਾਰ ਦਾ ਉਦੇਸ਼ ਹੁਣ ਇਹ ਯਕੀਨੀ ਬਣਾਉਣਾ ਹੈ ਕਿ ਜਨਮ ਸਮੇਂ ਜਨਮ ਸਰਟੀਫ਼ਿਕੇਟ ਦੇ ਨਾਲ ਆਧਾਰ ਨੰਬਰ ਵੀ ਜਾਰੀ ਕੀਤਾ ਜਾਵੇ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਇਸ ਸੰਬੰਧ ਵਿੱਚ ਭਾਰਤ ਦੇ ਰਜਿਸਟਰਾਰ ਜਨਰਲ ਨਾਲ ਕੰਮ ਕਰ ਰਿਹਾ ਹੈ। ਇਸ ਪ੍ਰਕਿਰਿਆ ਲਈ ਜਨਮ ਰਜਿਸਟ੍ਰੇਸ਼ਨ ਦੀ ਕੰਪਿਊਟਰਾਈਜ਼ਡ ਪ੍ਰਣਾਲੀ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਰਾਜਾਂ ਦਾ ਪੂਰਾ ਕੰਪਿਊਟਰੀਕਰਨ ਸੀ, ਉਨ੍ਹਾਂ ਨੂੰ ਆਨ-ਬੋਰਡ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 16 ਸੂਬਿਆਂ ਵਿੱਚ ਜਦੋਂ ਵੀ ਕੋਈ ਜਨਮ ਸਰਟੀਫ਼ਿਕੇਟ ਜਾਰੀ ਕੀਤਾ ਜਾਂਦਾ ਹੈ, ਤਾਂ UIDAI ਸਿਸਟਮ ਨੂੰ ਇੱਕ ਸੁਨੇਹਾ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਐਨਰੋਲਮੈਂਟ ਆਈਡੀ ਨੰਬਰ ਜਨਰੇਟ ਹੁੰਦਾ ਹੈ। ਜਿਵੇਂ ਹੀ ਸਿਸਟਮ ਵਿੱਚ ਬੱਚੇ ਦੀ ਫ਼ੋਟੋ ਤੇ ਪਤਾ ਆਦਿ ਵੇਰਵੇ ਦਰਜ ਕੀਤੇ ਜਾਂਦੇ ਹਨ, ਆਧਾਰ ਨੰਬਰ ਜਨਰੇਟ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਕੋਈ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ ਹਨ। ਬਾਅਦ ਵਿੱਚ ਜਦੋਂ ਬੱਚਾ 5 ਤੇ 15 ਸਾਲ ਦੀ ਉਮਰ ਨੂੰ ਪਾਰ ਕਰਦਾ ਹੈ ਤਾਂ ਉਸਨੂੰ ਬਾਇਓਮੈਟ੍ਰਿਕਸ (ਫ਼ਿੰਗਰਪ੍ਰਿੰਟ) ਆਦਿ ਦੀ ਜਾਣਕਾਰੀ ਨੂੰ ਆਧਾਰ ਨੰਬਰ ਨਾਲ ਜੋੜਨਾ ਪੈਂਦਾ ਹੈ। ਸੂਬਾ ਤੇ ਕੇਂਦਰ ਸਰਕਾਰ ਦੀਆਂ ਸੈਂਕੜੇ ਯੋਜਨਾਵਾਂ ਅਜੇ ਵੀ ਲਾਭਪਾਤਰੀਆਂ ਦੀ ਪਛਾਣ ਤੇ ਪ੍ਰਮਾਣਿਕਤਾ ਲਈ ਆਧਾਰ ਕਾਰਡ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਵਿੱਚੋਂ 650 ਦੇ ਕਰੀਬ ਸਕੀਮਾਂ ਸੂਬਾ ਸਰਕਾਰਾਂ ਤੇ 315 ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਯੋਜਨਾਵਾਂ ਵਿੱਚ ਆਧਾਰ ਅਤੇ ਇਸ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਵਰਤੋਂ ਕੀਤੀ ਜਾਂਦੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿੱਚ ਹੁਣ ਤਕ 134 ਕਰੋੜ ਆਧਾਰ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਇਸ 12-ਅੰਕ ਵਾਲੇ ਬਾਇਓਮੈਟ੍ਰਿਕ ਪਛਾਣਕਰਤਾ ਲਈ ਲਗਭਗ 200 ਮਿਲੀਅਨ ਅਪਡੇਟਸ ਅਤੇ ਨਾਮਾਂਕਣ ਨੰਬਰ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 4 ਕਰੋੜ ਨਵੇਂ ਭਰਤੀ ਸਨ।