
ਦਿੱਲੀ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਤੇਜ਼ਾਬ ਇਸੇ ਈ-ਕਾਮਰਸ ਕੰਪਨੀ ਤੋਂ ਖਰੀਦਿਆ ਗਿਆ ਸੀ
ਨਵੀਂ ਦਿੱਲੀ - ਦਿੱਲੀ ਪੁਲਿਸ ਨੇ ਇਹ ਪਤਾ ਲੱਗਣ ਤੋਂ ਬਾਅਦ 'ਫ਼ਲਿਪਕਾਰਟ' ਨੂੰ ਨੋਟਿਸ ਜਾਰੀ ਕੀਤਾ ਹੈ ਕਿ ਇੱਕ ਦਿਨ ਪਹਿਲਾਂ ਪੱਛਮੀ ਦਿੱਲੀ ਵਿੱਚ ਇੱਕ 17 ਸਾਲਾ ਲੜਕੀ 'ਤੇ ਸੁੱਟਿਆ ਗਿਆ ਤੇਜ਼ਾਬ, ਇਸੇ ਈ-ਕਾਮਰਸ ਕੰਪਨੀ ਤੋਂ ਖਰੀਦਿਆ ਗਿਆ ਸੀ।
ਇਸ ਮਾਮਲੇ 'ਤੇ ਫ਼ਲਿਪਕਾਰਟ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ ਦੇ ਮੋਹਨ ਗਾਰਡਨ ਇਲਾਕੇ 'ਚ ਬੁੱਧਵਾਰ ਨੂੰ ਜਦੋਂ ਲੜਕੀ ਘਰੋਂ ਸਕੂਲ ਜਾਣ ਲਈ ਨਿੱਕਲੀ, ਤਾਂ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ ਸੀ, ਜਿਸ ਕਾਰਨ ਲੜਕੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
ਹਮਲੇ ਕਾਰਨ ਫ਼ੈਲੇ ਰੋਹ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਪਾਬੰਦੀ ਦੇ ਬਾਵਜੂਦ ਬਾਜ਼ਾਰਾਂ ਵਿੱਚ ਤੇਜ਼ਾਬ ਦੀ ਉਪਲਬਧਤਾ 'ਤੇ ਸਵਾਲ ਚੁੱਕੇ ਸਨ। ਬੱਚੀ ਇਸ ਸਮੇਂ ਸਫ਼ਦਰਜੰਗ ਹਸਪਤਾਲ ਦੇ 'ਬਰਨ ਆਈ.ਸੀ.ਯੂ. ਵਿੱਚ ਦਾਖਲ ਹੈ, ਜਿੱਥੇ ਝੁਲਸੇ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
ਇਸ ਮਾਮਲੇ 'ਚ ਮੁੱਖ ਦੋਸ਼ੀ ਸਚਿਨ ਅਰੋੜਾ, ਉਸ ਦੇ ਦੋ ਦੋਸਤਾਂ ਹਰਸ਼ਿਤ ਅਗਰਵਾਲ (19) ਅਤੇ ਵਰਿੰਦਰ ਸਿੰਘ (22) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ 'ਫ਼ਲਿਪਕਾਰਟ' ਨੂੰ ਇੱਕ ਨੋਟਿਸ ਜਾਰੀ ਕਰਕੇ ਅਰੋੜਾ ਦੁਆਰਾ ਦਿੱਤੇ ਆਰਡਰ ਬਾਰੇ ਜਾਣਕਾਰੀ ਮੰਗੀ ਹੈ।"
ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਮਲੇ ਵਿੱਚ ਵਰਤਿਆ ਗਿਆ ਤੇਜ਼ਾਬ ਇੱਕ ਈ-ਕਾਮਰਸ ਪੋਰਟਲ ਰਾਹੀਂ ਖਰੀਦਿਆ ਗਿਆ ਸੀ, ਅਤੇ ਮੁੱਖ ਦੋਸ਼ੀ ਸਚਿਨ ਅਰੋੜਾ ਨੇ ਇੱਕ ਈ-ਵਾਲੇਟ ਰਾਹੀਂ ਇਸ ਦਾ ਭੁਗਤਾਨ ਕੀਤਾ ਸੀ।
ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਤੇਜ਼ਾਬ 'ਫ਼ਲਿਪਕਾਰਟ' ਤੋਂ ਮੰਗਵਾਇਆ ਗਿਆ ਸੀ। ਇਸ ਤੋਂ ਪਹਿਲਾਂ ਦਿਨ 'ਚ ਦਿੱਲੀ ਮਹਿਲਾ ਕਮਿਸ਼ਨ ਨੇ 'ਅਮੇਜ਼ਨ' ਅਤੇ 'ਫ਼ਲਿਪਕਾਰਟ' ਨੂੰ ਆਪਣੇ ਪਲੇਟਫਾਰਮ 'ਤੇ ਤੇਜ਼ਾਬ ਵੇਚਣ ਲਈ ਨੋਟਿਸ ਜਾਰੀ ਕੀਤਾ ਸੀ।
ਹੁੱਡਾ ਨੇ ਕਿਹਾ ਕਿ ਪੁੱਛਗਿੱਛ ਤੋਂ ਪਤਾ ਲੱਗਾ ਕਿ ਅਰੋੜਾ ਅਤੇ ਪੀੜਤਾ ਸਤੰਬਰ ਤੱਕ ਦੋਸਤ ਸਨ, ਪਰ ਉਨ੍ਹਾਂ ਦੀ ਦੋਸਤੀ ਟੁੱਟ ਗਈ ਅਤੇ ਦੋਸ਼ੀ ਨੇ ਉਸ 'ਤੇ ਹਮਲਾ ਕਰ ਦਿੱਤਾ। ਉਹ ਲੜਕੀ ਦੇ ਗੁਆਂਢ 'ਚ ਹੀ ਰਹਿੰਦਾ ਸੀ।