
ਨੁਮਾਇੰਦਿਆਂ ਦਾ ਕਹਿਣਾ ਹੈ ਕਿ ਫ਼ੀਸ ਵਸੂਲਣ ਨਾਲ ਸਮੱਸਿਆ ਖ਼ਤਮ ਨਹੀਂ ਹੋਵੇਗੀ
ਚੰਡੀਗੜ੍ਹ - ਚੰਡੀਗੜ੍ਹ ਵਾਸੀਆਂ ਨੇ ਯੂਟੀ ਪ੍ਰਸ਼ਾਸਨ ਵੱਲੋਂ ਆਪਣੇ ਹੀ ਘਰਾਂ ਦੇ ਬਾਹਰ ਵਾਹਨ ਖੜ੍ਹੇ ਕਰਨ ਬਦਲੇ ਫ਼ੀਸ ਵਸੂਲਣ ਦੇ ਵਿਚਾਰ ਦੀ ਨਿਖੇਧੀ ਕੀਤੀ ਹੈ।
ਚੰਡੀਗੜ੍ਹ ਰੈਜ਼ੀਡੈਂਟਸ ਐਸੋਸਿਏਸ਼ਨਜ਼ ਵੈਲਫ਼ੇਅਰ ਫ਼ੈਡਰੇਸ਼ਨ (CRAWFED) ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਫ਼ੈਡਰੇਸ਼ਨ ਸ਼ਹਿਰ ਵਾਸੀਆਂ ਤੋਂ ਆਪਣੇ ਹੀ ਘਰ ਦੇ ਬਾਹਰ ਖੜ੍ਹੇ ਵਾਹਨਾਂ ਬਦਲੇ ਪਾਰਕਿੰਗ ਫ਼ੀਸ ਵਸੂਲਣ ਦੀ ਪ੍ਰਸਤਾਵਿਤ ਨੀਤੀ ਦਾ ਸਖ਼ਤ ਵਿਰੋਧ ਕਰਦਾ ਹੈ। ਪਾਰਕਿੰਗ ਦੀ ਸਮੱਸਿਆ ਫ਼ੀਸ ਵਸੂਲਣ ਨਾਲ ਖ਼ਤਮ ਨਹੀਂ ਹੋਵੇਗੀ।''
“ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਸੰਬੰਧੀ ਆਮ ਲੋਕਾਂ ਤੋਂ ਤਜਵੀਜ਼ਾਂ ਮੰਗਣਿਆਂ ਚਾਹੀਦੀਆਂ ਹਨ, ਤਾਂ ਜੋ ਇਸ ਸਮੱਸਿਆ ਦੇ ਹੱਲ ਲਈ ਪ੍ਰਭਾਵੀ ਕਦਮ ਚੁੱਕੇ ਜਾ ਸਕਣ। ਇਸ ਸੰਬੰਧ ਵਿੱਚ ਕਮਿਊਨਿਟੀ ਪਾਰਕਿੰਗ ਸਭ ਤੋਂ ਵਧੀਆ ਹੱਲ ਹੋ ਸਕਦੀ ਹੈ। ਪ੍ਰਸ਼ਾਸਨ ਖਾਲੀ ਜ਼ਮੀਨ ਜਾਂ ਕੋਨੇ ਵਾਲੇ ਘਰਾਂ ਦੁਆਰਾ ਕਬਜ਼ੇ ਹੇਠ ਕੀਤੀ ਜਗ੍ਹਾ ਦੀ ਵਰਤੋਂ ਕਰਨ 'ਤੇ ਵੀ ਵਿਚਾਰ ਕਰ ਸਕਦਾ ਹੈ। ਪ੍ਰਸ਼ਾਸਨ ਨੂੰ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਘਰਾਂ ਦੇ ਸਾਹਮਣੇ ਰੈਂਪ ਨੂੰ ਬਗੀਚਿਆਂ ਵਿੱਚ ਬਦਲ ਦਿੱਤਾ ਹੈ। ਪ੍ਰਸ਼ਾਸਨ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਪਾਰਕਿੰਗ ਲਈ ਜਗ੍ਹਾ ਦਾ ਜ਼ਿਕਰ ਕਰਨ ਲਈ ਵੀ ਮਾਲਕਾਂ ਨੂੰ ਕਹਿ ਸਕਦਾ ਹੈ,” ਉਨ੍ਹਾਂ ਸੁਝਾਅ ਦਿੱਤਾ।
ਸਿਟੀ ਫ਼ੋਰਮ ਆਫ਼ ਰੈਜ਼ੀਡੈਂਟਸ ਵੈਲਫ਼ੇਅਰ ਆਰਗੇਨਾਈਜੇਸ਼ਨਜ਼ (CFORWO) ਦੇ ਕਨਵੀਨਰ, ਵਿਨੋਦ ਵਸ਼ਿਸ਼ਟ ਨੇ ਕਿਹਾ, "ਭੀੜ ਵਾਲੀ ਪਾਰਕਿੰਗ ਜ਼ਿਆਦਾਤਰ ਵਪਾਰਕ ਖੇਤਰਾਂ ਵਿੱਚ ਦਿੱਕਤ ਕਰਦੀ ਹੈ, ਰਿਹਾਇਸ਼ੀ ਖੇਤਰਾਂ ਵਿੱਚ ਨਹੀਂ। ਬਿਹਤਰ ਵਿਕਲਪ ਲੱਭਣ ਵਾਸਤੇ ਪ੍ਰਸ਼ਾਸਨ ਨੂੰ ਰੈਜ਼ੀਡੈਂਟਜ਼ ਐਸੋਸੀਏਸ਼ਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮਕਸਦ ਲਈ ਸਿੰਗਾਪੁਰ ਵਿੱਚ ਚੱਲਦੇ ਨੇਬਰਹੁੱਡ ਕਮਿਊਨਿਟੀ ਪਾਰਕਿੰਗ ਜਾਂ ਨਾਈਟ ਪਾਰਕਿੰਗ ਮਾਡਲਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ।"
ਯੂਟੀ ਪ੍ਰਸ਼ਾਸਨ ਦੇ ਪ੍ਰਸਤਾਵ ਮੁਤਾਬਕ ਪਹਿਲੇ ਅੱਧੇ ਘੰਟੇ ਲਈ ਕੋਈ ਚਾਰਜ ਨਹੀਂ ਲੱਗੇਗਾ। ਇਸ ਤੋਂ ਬਾਅਦ, ਘਰਾਂ ਦੇ ਬਾਹਰ 4, 6, 8, 10 ਜਾਂ 12 ਘੰਟੇ ਤੱਕ ਦੀ ਪਾਰਕਿੰਗ ਲਈ ਵੱਖ-ਵੱਖ ਦਰਾਂ ਲਾਗੂ ਹੋਣਗੀਆਂ। ਕੀਮਤ ਦਾ ਪ੍ਰਸਤਾਵ ਇਸ ਮਹੀਨੇ ਦੇ ਅੰਤ ਵਿੱਚ ਪ੍ਰਵਾਨਗੀ ਲਈ ਸਦਨ ਦੀ ਮੀਟਿੰਗ ਦੌਰਾਨ ਪੇਸ਼ ਕੀਤਾ ਜਾਵੇਗਾ।