
ਸਿਰਫ਼ ਅਮੀਰਾਂ ਲਈ ਕੰਮ ਕਰਦੇ ਹਨ ਮੋਦੀ
ਅਹਿਮਦਬਾਦ : ਕਾਂਗਰਸ ਨੇਤਾ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਭ ਤੋਂ ਵੱਡੇ ਝੂਠੇ ਪ੍ਰਧਾਨ ਮੰਤਰੀ ਹਨ। ਮੋਦੀ ਦੇ ਗ੍ਰਹਿ ਰਾਜ ਅਹਿਮਦਾਬਾਦ ਵਿਚ ਇਕ ਚੋਣ ਰੈਲੀ ਦੌਰਾਨ ਮੋਦੀ 'ਤੇ ਸ਼ਬਦੀ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ ਗੁਜਰਾਤ ਮਹਾਤਮਾ ਗਾਂਧੀ ਦਾ ਜਨਮ ਸਥਾਨ ਹੈ ਜਦਕਿ ਦੂਜੇ ਪਾਸੇ ਗੁਜਰਾਤ ਨੇ ਹੀ ਭਾਰਤ ਨੂੰ ਸੱਭ ਤੋਂ ਵੱਡਾ ਝੂਠਾ ਪ੍ਰਧਾਨ ਮੰਤਰੀ ਵੀ ਦਿਤਾ ਹੈ।
Navjot Singh Sidhu
ਵਲਸਾਡ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਜੀਤੂ ਚੌਧਰੀ ਦੇ ਪੱਖ ਵਿਚ ਡਾਂਗ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਵਿਚ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ਼ ਅਮੀਰ ਲੋਕਾਂ ਲਈ ਹੀ ਕੰਮ ਕਰਦੇ ਹਨ। ਸਿੱਧੂ ਨੇ ਮੋਦੀ ਨੂੰ 'ਝੂਠਾ ਨੰਬਰ-1' ਵੀ ਦਸਿਆ। ਉਨ੍ਹਾਂ ਕਿਹਾ ਕਿ ਮੋਦੀ ਅਮੀਰਾਂ ਦੀ ਅਗਵਾਈ ਕਰਦੇ ਹਨ ਨਾ ਕਿ ਗ਼ਰੀਬਾਂ ਦੀ। ਉਨ੍ਹਾਂ ਕਿਹਾ, 'ਮੋਦੀ ਜੀ ਤੁਸੀਂ ਸਿਰਫ਼ ਇਕ ਫ਼ੀ ਸਦੀ ਹੀ ਗ਼ਰੀਬਾਂ ਦੇ ਪ੍ਰਧਾਨ ਮੰਤਰੀ ਹੋ। ਤੁਸੀਂ ਇਨ੍ਹਾਂ ਸਥਾਨਕ ਲੋਕਾਂ ਨੂੰ ਅਪਣੀ ਜ਼ਮੀਨ ਖਾਲੀ ਕਰਨ ਅਤੇ ਕਿਤੇ ਹੋਰ ਜਾਣ ਲਈ ਕਹਿ ਰਹੇ ਹੋ। ਇਸ ਖੇਤਰ ਵਿਚ ਲਗਭਗ 80 ਫ਼ੀ ਸਦੀ ਸਥਾਨਕ ਲੋਕ ਹੋਰ ਸੂਬਿਆਂ ਵਿਚ ਮਜ਼ਦੂਰ ਦੇ ਤੌਰ 'ਤੇ ਕੰਮ ਕਰਦੇ ਹਨ।' ਸਿੱਧੂ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗੁਜਰਾਤ ਦੇ ਕਿਸਾਨਾਂ ਦਾ ਕਰਜ਼ ਤੁਰਤ ਮਾਫ਼ ਕਰ ਦੇਣਗੇ।
Navjot Singh Sidhu
ਇਸ ਦੌਰਾਨ ਕਟਿਹਾਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਮੋਦੀ ਨੂੰ ਹਰਾਉਣ ਲਈ ਮੁਸਲਮਾਨਾਂ ਨੂੰ ਇਕਜੁਟ ਹੋ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਜਿਸ 'ਤੇ ਵਿਵਾਦ ਪੈਦਾ ਹੋ ਗਿਆ। ਰੈਲੀ ਦੌਰਾਨ ਸਿੱਧੂ ਨੇ ਕਿਹਾ ਕਿ ਜੇ ਮੁਸਲਮਾਨਾਂ ਨੇ ਇਕਜੁਟ ਹੋ ਕੇ ਮੋਦੀ ਵਿਰੁਧ ਵੋਟ ਪਾਈ ਤਾਂ ਉਹ ਸੱਤਾ ਤੋਂ ਬਾਹਰ ਹੋ ਜਾਣਗੇ। ਭਾਜਪਾ ਦੇ ਸੂਬਾ ਉਪ ਪ੍ਰਧਾਨ ਦੇਵੇਸ਼ ਕੁਮਾਰ ਨੇ ਕਿਹਾ ਕਿ ਉਹ ਸਿੱਧੂ ਵਲੋਂ ਕੀਤੀ ਗਈ ਇਸ ਟਿਪਣੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਜਪਾ ਸੱਭ ਦਾ ਸਾਥ, ਸੱਭ ਦਾ ਵਿਕਾਸ ਦੇ ਆਦਰਸ਼ 'ਤੇ ਕੰਮ ਕਰ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਵੰਡੀਆਂ ਪਾਉਣ ਵਾਲੀ ਸਿਆਸਤ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੀ ਹੈ।