
ਮਿਉਂਸਪਲ ਵਰਕਰਾਂ ਵੱਲੋਂ ਜਿਸ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਉਸ ਦਾ ਨਾਂ ਐਡਵੋਕੇਟ ਗੁਰਵਿੰਦਰ ਸਿੰਘ ਹੈ।
ਜੈਪੁਰ: ਰਾਜਸਥਾਨ ਦੇ ਸ੍ਰੀਗੰਗਾ ਨਗਰ ਵਿਚ ਭੀੜ ਵੱਲੋਂ ਇਕ ਸਿੱਖ ਦੀ ਕੁੱਟਮਾਰ ਕਰਨ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀਵਿਜੇਨਗਰ 'ਚ ਨਗਰ ਪਾਲਿਕਾ ਅਤੇ ਇਲਾਕਾ ਨਿਵਾਸੀਆਂ 'ਚ ਝਗੜਾ ਇੰਨਾ ਵਧ ਗਿਆ ਕਿ ਇਸ ਦੌਰਾਨ ਕਈ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ, ਜਿਨ੍ਹਾਂ ਵਿਚ ਇਹ ਸਿੱਖ ਵੀ ਸ਼ਾਮਲ ਸੀ।
ਦਰਅਸਲ ਕਸਬੇ ਦੇ ਵਾਰਡ ਨੰਬਰ ਇਕ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਸੀਸੀ ਰੋਡ ਬਣਾਈ ਜਾ ਰਹੀ ਹੈ। ਸੜਕ ਦੇ ਲੈਵਲ ਨੂੰ ਲੈ ਕੇ ਵਾਰਡ ਵਾਸੀਆਂ ਵੱਲੋਂ ਕੰਮ ਰੋਕ ਦਿੱਤਾ ਗਿਆ। ਹੈਲਥ ਇੰਸਪੈਕਟਰ ਸੁਸ਼ੀਲ ਸ਼ਰਮਾ ਨਗਰ ਪਾਲਿਕਾ ਦੇ ਸਫਾਈ ਕਰਮਚਾਰੀਆਂ ਦੇ ਨਾਲ ਮੌਕੇ 'ਤੇ ਪਹੁੰਚੇ। ਜਿਵੇਂ ਹੀ ਮਿੱਟੀ ਚੁੱਕਣ ਲਈ ਜੇਸੀਬੀ ਲਗਾਈ ਗਈ ਤਾਂ ਵਾਰਡ ਦੇ ਲੋਕ ਮਿਲ ਕੇ ਜੇਸੀਬੀ ਦੇ ਮੂਹਰੇ ਬੈਠ ਕੇ ਨਗਰ ਪਰੀਸ਼ਦ ਦਾ ਵਿਰੋਧ ਕਰਨ ਲੱਗੇ ਅਤੇ ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਇਸ ਮਗਰੋਂ ਥਾਣੇ ਵਿਚ ਕੁੱਟਮਾਰ ਅਤੇ ਦਫ਼ਤਰੀ ਕੰਮ ਵਿਚ ਵਿਘਨ ਪਾਉਣ ਦੇ ਕੇਸ ਦਰਜ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਿਉਂਸਪਲ ਵਰਕਰਾਂ ਵੱਲੋਂ ਜਿਸ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਉਸ ਦਾ ਨਾਂ ਐਡਵੋਕੇਟ ਗੁਰਵਿੰਦਰ ਸਿੰਘ ਹੈ।
ਇਸ ਦੇ ਵਿਰੋਧ ਵਿਚ ਉਹਨਾਂ ਨੇ ਮਿਉਂਸਪਲ ਵਰਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਐਸਡੀਐਮ ਦਫ਼ਤਰ ਦਾ ਘਿਰਾਓ ਵੀ ਕੀਤਾ ਪਰ ਐਸਡੀਐਮ ਨੇ ਮੰਗ ਪੱਤਰ ਲੈਣ ਤੋਂ ਨਾਂਹ ਕਰ ਦਿੱਤਾ। ਸਥਾਨਕ ਲੋਕਾਂ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।