
ਕਾਂਗਰਸ ਨੇ ਅਪਣੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਰਾਮ ਮੰਦਰ ਨਾਲ ਜੁੜੇ ਬਿਆਨ ਤੋਂ ਪਾਸਾ ਵਟਦਿਆਂ ਕਿਹਾ ਕਿ ਉਨ੍ਹਾਂ ਨਿਜੀ ਹੈਸੀਅਤ ਨਾਲ ਬਿਆਨ ਦਿਤਾ ਹੈ।
ਨਵੀਂ ਦਿੱਲੀ : ਕਾਂਗਰਸ ਨੇ ਅਪਣੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਰਾਮ ਮੰਦਰ ਨਾਲ ਜੁੜੇ ਬਿਆਨ ਤੋਂ ਪਾਸਾ ਵਟਦਿਆਂ ਕਿਹਾ ਕਿ ਉਨ੍ਹਾਂ ਨਿਜੀ ਹੈਸੀਅਤ ਨਾਲ ਬਿਆਨ ਦਿਤਾ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਰਾਮ ਮੰਦਰ ਬਾਬਰੀ ਮਸਜਿਦ ਮਾਮਲੇ ਬਾਰੇ ਉਨ੍ਹਾਂ ਦਾ ਇਹ ਰੁਖ਼ ਬਰਕਰਾਰ ਹੈ ਕਿ ਇਸ ਵਿਚ ਸੁਪਰੀਮ ਕੋਰਟ ਜੋ ਫ਼ੈਸਲਾ ਕਰਦਾ ਹੈ, ਉਸ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ।
ਉਧਰ, ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਕਾਂਗਰਸ ਆਗੂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕਿਹੜਾ ਚੰਗਾ ਹਿੰਦੂ ਹੈ ਤੇ ਕਿਹੜਾ ਮਾੜਾ ਹਿੰਦੂ। ਉਨ੍ਹਾਂ ਕਿਹਾ ਕਿ ਥਰੂਰ ਦੀ ਪਾਰਟੀ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਬਿਆਨ ਨਿਖੇਧੀਜਨਕ ਹੈ। ਕਾਂਗਰਸ ਬੁਲਾਰੇ ਆਰਪੀਐਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, 'ਉਨ੍ਹਾਂ ਦਾ ਜੋ ਵੀ ਬਿਆਨ ਹੈ, ਉਹ ਨਿਜੀ ਹੈ। ਇਹ ਮਾਮਲਾ ਅਦਾਲਤ ਦੇ ਵਿਚਾਰਅਧੀਨ ਹੈ। ਕਾਂਗਰਸ ਦਾ ਹਮੇਸ਼ਾ ਹੀ ਇਹ ਰੁਖ਼ ਰਿਹਾ ਹੈ ਅਤੇ ਅੱਜ ਵੀ ਸਪੱਸ਼ਟ ਤੌਰ 'ਤੇ ਮੰਨਣਾ ਹੈ ਕਿ ਅਦਾਲਤ ਜੋ ਵੀ ਫ਼ੈਸਲਾ ਕਰੇ, ਉਸ ਨੂੰ ਮੰਨਿਆ ਜਾਵੇ।'
ਦਰਅਸਲ, ਥਰੂਰ ਨੇ ਕਲ ਕਿਹਾ ਸੀ ਕਿ ਕੋਈ ਵੀ ਚੰਗਾ ਹਿੰਦੂ ਇਹ ਨਹੀਂ ਚਾਹੇਗਾ ਕਿ ਧਾਰਮਕ ਸਥਾਨ ਨੂੰ ਡੇਗ ਕੇ ਮੰਦਰ ਬਣੇ। ਬਿਆਨ ਬਾਰੇ ਰੌਲਾ ਪੈਣ ਮਗਰੋਂ ਥਰੂਰ ਨੇ ਕਿਹਾ, 'ਮੇਰੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਮੈਂ ਸਿਰਫ਼ ਇਹ ਕਿਹਾ ਸੀ ਕਿ ਬਹੁਤ ਸਾਰੇ ਹਿੰਦੂ ਇਸ ਲਈ ਮੰਦਰ ਚਾਹੁੰਦੇ ਹਨ ਕਿਉਂਕਿ ਉਥੇ ਸ੍ਰੀਰਾਮ ਦੀ ਜਨਮ ਭੂਮੀ ਹੈ ਪਰ ਚੰਗਾ ਹਿੰਦੂ ਨਹੀਂ ਚਾਹੇਗਾ ਕਿ ਅਜਿਹੀ ਜਗ੍ਹਾ ਮੰਦਰ ਬਣੇ ਜਿਥੇ ਕਿਸੇ ਹੋਰ ਦੇ ਧਾਰਮਕ ਅਸਥਾਨ ਨੂੰ ਡੇਗਿਆ ਗਿਆ ਹੋਵੇ।'