
ਮੈਗਜ਼ੀਨ ਨੇ ਦੋਸ਼ ਲਾਇਆ ਹੈ ਕਿ ਏਆਈਐਮ ਨੇ ਆਪਣੀ ਵੈੱਬਸਾਈਟ 'ਤੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ 25,000 ਲੋਕਾਂ ਨੂੰ ਈਸਾਈ ਬਣਾਇਆ ਹੈ।
ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਸਬੰਧਤ ਹਫ਼ਤਾਵਾਰੀ ਮੈਗਜ਼ੀਨ ਆਰਗੇਨਾਈਜ਼ਰ ਨੇ ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ਾਨ ਉੱਤੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਵਿਚ ਈਸਾਈ ਧਰਮ ਪਰਿਵਰਤਨ ਪ੍ਰਣਾਲੀ ਨੂੰ ਫੰਡ ਦੇਣ ਅਤੇ ਮਨੀ ਲਾਂਡਰਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
'ਆਰਗੇਨਾਈਜ਼ਰ' ਦੇ ਤਾਜ਼ਾ ਅੰਕ ਦੇ ਮੁੱਖ ਲੇਖ ਵਿਚ ਕਿਹਾ ਗਿਆ ਹੈ ਕਿ, "ਈ-ਕਾਮਰਸ ਕੰਪਨੀ ਐਮਾਜ਼ਾਨ ਅਮਰੀਕਨ ਬੈਪਟਿਸਟ ਚਰਚ (ਏਬੀਐਮ) ਦੁਆਰਾ ਚਲਾਏ ਜਾ ਰਹੀ ਈਸਾਈ ਪਰਿਵਰਤਨ ਪ੍ਰਣਾਲੀ ਲਈ ਫੰਡਿੰਗ ਕਰ ਰਹੀ ਹੈ। ਬਹੁਰਾਸ਼ਟਰੀ ਕੰਪਨੀਆਂ ਅਤੇ ਏਬੀਐਮ ਵੱਲੋਂ ਭਾਰਤ ਵਿਚ ਮਿਸ਼ਨਰੀ ਪਰਿਵਰਤਨ ਮਿਸ਼ਨਾਂ ਨੂੰ ਫੰਡ ਪ੍ਰਦਾਨ ਕਰਨ ਲਈ ਮਨੀ ਲਾਂਡਰਿੰਗ ਰੈਕੇਟ ਲਗਾਉਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
‘ਅਮੇਜ਼ਿੰਗ ਕਰਾਸ ਕਨੈਕਸ਼ਨ’ ਸਿਰਲੇਖ ਵਾਲੇ ਲੇਖ ਵਿਚ ਕਿਹਾ ਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਸਮਾਜਿਕ ਨਿਆਂ ਮੰਚ ਨੇ ਦੋਸ਼ ਲਾਇਆ ਹੈ ਕਿ ਐਮਾਜ਼ਾਨ ਵੱਲੋਂ ਆਪਣੀ ਫਾਊਂਡੇਸ਼ਨ ਐਮਾਜ਼ਾਨ ਸਮਾਈਲ ਰਾਹੀਂ ਏਬੀਐਮ ਦੀ ਸਿਖਰਲੀ ਸੰਸਥਾ ਆਲ ਇੰਡੀਆ ਮਿਸ਼ਨ (ਏਆਈਐਮ) ਨੂੰ ਲਗਾਤਾਰ ਫੰਡ ਦਿੱਤੇ ਜਾ ਰਹੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਐਮਾਜ਼ਾਨ, ਆਲ ਇੰਡੀਆ ਮਿਸ਼ਨ ਦੇ ਪਰਿਵਰਤਨ ਕਾਰਜਾਂ ਦੀ ਫੰਡਿੰਗ ਹਰੇਕ ਭਾਰਤੀ ਵੱਲੋਂ ਆਪਣੀ ਖਰੀਦ 'ਤੇ ਪੈਸਾ ਦਾਨ ਦੇ ਕੇ ਫੰਡ ਕੀਤਾ ਜਾ ਰਿਹਾ ਹੈ।
ਮੈਗਜ਼ੀਨ ਨੇ ਦੋਸ਼ ਲਾਇਆ ਹੈ ਕਿ ਏਆਈਐਮ ਨੇ ਆਪਣੀ ਵੈੱਬਸਾਈਟ 'ਤੇ ਸ਼ਰੇਆਮ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ 25,000 ਲੋਕਾਂ ਨੂੰ ਈਸਾਈ ਬਣਾਇਆ ਹੈ। ਮੈਗਜ਼ੀਨ ਦੇ ਹਿੰਦੀ ਐਡੀਸ਼ਨ 'ਪੰਚਜਨਿਆ' ਨੇ ਪਿਛਲੇ ਸਾਲ ਅਕਤੂਬਰ 'ਚ ਦੋਸ਼ ਲਾਇਆ ਸੀ ਕਿ ਕੰਪਨੀ ਨੇ ਸਰਕਾਰੀ ਨੀਤੀਆਂ ਨੂੰ ਆਪਣੇ ਨਾਲ ਜੋੜਨ ਲਈ ਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਸੀ।