
ਕੇਂਦਰ ਨੂੰ ਭੇਜੀ ਫਾਈਲ, ਮਨਜ਼ੂਰੀ ਦੀ ਉਡੀਕ: ਸੂਤਰ
ਚੰਡੀਗੜ੍ਹ : ਆਈ.ਪੀ.ਐਸ. ਅਫ਼ਸਰ ਸੰਦੀਪ ਗਰਗ ਚੰਡੀਗੜ੍ਹ ਦੇ ਨਵੇਂ ਐਸਐਸਪੀ ਬਣ ਸਕਦੇ ਹਨ। ਇਸ ਵੇਲੇ ਉਹ ਮੁਹਾਲੀ ਦੇ ਐਸਐਸਪੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਈ.ਪੀ.ਐਸ ਸੰਦੀਪ ਗਰਗ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸੂਤਰਾਂ ਅਨੁਸਾਰ ਐਸਐਸਪੀ ਦੀ ਨਿਯੁਕਤੀ ਦੀ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਹੁਣ ਸਿਰਫ਼ MHA ਦੀ ਮਨਜ਼ੂਰੀ ਦੀ ਉਡੀਕ ਹੈ। ਇਸ ਤੋਂ ਬਾਅਦ ਆਈਪੀਐ ਸਸੰਦੀਪ ਗਰਗ ਚੰਡੀਗੜ੍ਹ ਦੇ 18ਵੇਂ ਐਸਐਸਪੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਸਮੇਂ ਹਰਿਆਣਾ ਕੇਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਐਸਐਸਪੀ ਯੂਟੀ ਦਾ ਕਾਰਜਕਾਰੀ ਚਾਰਜ ਸੰਭਾਲ ਰਹੇ ਹਨ। ਮੋਹਾਲੀ ਦੇ ਐਸਐਸਪੀ ਨਿਯੁਕਤ ਹੋਣ ਤੋਂ ਪਹਿਲਾਂ IPS ਸੰਦੀਪ ਗਰਗ ਸੰਗਰੂਰ, ਜਲੰਧਰ, ਮਾਨਸਾ, ਪਟਿਆਲਾ ਅਤੇ ਰੋਪੜ ਦੇ ਐਸਐਸਪੀ ਦੀ ਜ਼ਿੰਮੇਵਾਰੀ ਵੀ ਨਿਭਾਅ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਯੂਟੀ ਦੇ ਸਾਬਕਾ ਐਸਐਸਪੀ ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਯੂਟੀ ਪ੍ਰਸ਼ਾਸਨ ਨੇ 12 ਦਸੰਬਰ ਨੂੰ ਦੁਰਵਿਵਹਾਰ ਦੇ ਦੋਸ਼ਾਂ ਵਿੱਚ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 3 ਆਈਪੀਐਸ ਦਾ ਪੈਨਲ ਯੂਟੀ ਪ੍ਰਸ਼ਾਸਨ ਨੂੰ ਭੇਜਿਆ ਗਿਆ ਸੀ। ਇਨ੍ਹਾਂ ਵਿੱਚ ਪੰਜਾਬ ਕੇਡਰ 2012 ਬੈਚ ਦੇ ਆਈਪੀਐਸ ਸੰਦੀਪ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਭਗੀਰਥ ਸਿੰਘ ਮੀਨਾ ਸ਼ਾਮਲ ਹਨ।