
ਸਰਕਾਰੀ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਕੁਮਾਵਤ ਦੇਸ਼ ਵਿਚ ਅਰਾਜਕਤਾ ਫੈਲਾਉਣ ਦੀ ਸਾਜ਼ਸ਼ ਵਿਚ ਸ਼ਾਮਲ ਸੀ
Parliament security breach: ਦਿੱਲੀ ਦੀ ਇਕ ਅਦਾਲਤ ਨੇ ਸ਼ਨਿਚਰਵਾਰ ਨੂੰ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਗ੍ਰਿਫਤਾਰ ਮਹੇਸ਼ ਕੁਮਾਵਤ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਕੁਮਾਵਤ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਨੂੰ ਨਸ਼ਟ ਕਰਨ ਵਿਚ ਸ਼ਾਮਲ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਉਸ ਨੂੰ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਭੇਜ ਦਿਤਾ।
ਸਰਕਾਰੀ ਵਕੀਲ ਨੇ ਇਹ ਵੀ ਦੋਸ਼ ਲਾਇਆ ਕਿ ਕੁਮਾਵਤ ਦੇਸ਼ ਵਿਚ ਅਰਾਜਕਤਾ ਫੈਲਾਉਣ ਦੀ ਸਾਜ਼ਸ਼ ਵਿਚ ਸ਼ਾਮਲ ਸੀ ਅਤੇ ਸਾਰੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਉਸ ਤੋਂ ਪੁੱਛਗਿੱਛ ਜ਼ਰੂਰੀ ਹੈ। ਅਦਾਲਤ ਨੇ ਇਹ ਹੁਕਮ ਦਿੱਲੀ ਪੁਲਿਸ ਵਲੋਂ ਦਾਇਰ ਅਰਜ਼ੀ ’ਤੇ ਦਿਤਾ, ਜਿਸ ਵਿਚ ਕੁਮਾਵਤ ਦੀ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਕੁਮਾਵਤ ਨੂੰ ਸਬੂਤ ਨਸ਼ਟ ਕਰਨ ਅਤੇ ਅਪਰਾਧਿਕ ਸਾਜ਼ਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਇਹ ਛੇਵੀਂ ਗ੍ਰਿਫ਼ਤਾਰੀ ਹੈ। ਅਧਿਕਾਰੀ ਨੇ ਦਸਿਆ ਕਿ ਮਹੇਸ਼ ਕੁਮਾਵਤ ਮਾਮਲੇ ਦੇ ਇਕ ਹੋਰ ਦੋਸ਼ੀ ਲਲਿਤ ਝਾਅ ਦੇ ਨਾਲ ਥਾਣੇ ਆਇਆ ਸੀ ਅਤੇ ਦੋਵਾਂ ਨੂੰ ਸਪੈਸ਼ਲ ਸੈੱਲ ਦੇ ਹਵਾਲੇ ਕਰ ਦਿਤਾ ਗਿਆ ਸੀ। ਝਾਅ ਨੂੰ ਸ਼ੁਕਰਵਾਰ ਨੂੰ ਦਿੱਲੀ ਪੁਲਿਸ ਨੇ ਸੱਤ ਦਿਨਾਂ ਦੀ ਹਿਰਾਸਤ ਵਿਚ ਭੇਜ ਦਿਤਾ ਸੀ।
(For more news apart from Parliament security breach 6th accused arrested; sent to 7-day police custody, stay tuned to Rozana Spokesman)