
ਹੁਣ ਪਹਿਲੀ ਫ਼ਰਵਰੀ ਨੂੰ ਹੋਵੇਗੀ ਫਾਂਸੀ
ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਚੂਹੇ-ਬਿੱਲੀ ਵਾਲੀ ਖੇਡ ਹੁਣ ਜ਼ਿਆਦਾ ਦੇਰ ਤਕ ਚੱਲਦੀ ਨਜ਼ਰ ਨਹੀਂ ਆ ਰਹੀ। ਨਿਰਭਿਆ ਕੇਸ 'ਚ ਇਨਸਾਫ਼ ਦੀ 'ਉਡੀਕ' ਹੁਣ ਪਹਿਲੀ ਫ਼ਰਵਰੀ ਨੂੰ ਖ਼ਤਮ ਹੋਣੀ ਤੈਅ ਹੈ। ਇਸ 'ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੁਬਾਰਾ ਮੋਹਰ ਲਗਾ ਦਿਤੀ ਹੈ। ਕੋਰਟ ਵਲੋਂ ਜਾਰੀ ਕੀਤੇ ਗਏ ਨਵੇਂ ਡੈੱਥ ਵਾਰੰਟ ਅਨੁਸਾਰ ਹੁਣ ਦੋਸ਼ੀਆਂ ਨੂੰ ਇਕ ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਇਆ ਜਾਵੇਗਾ।
Photo
ਕਾਬਲੇਗੌਰ ਹੈ ਕਿ ਪਹਿਲਾਂ ਇਹ ਫ਼ਾਂਸੀ 22 ਜਨਵਰੀ ਨੂੰ ਦਿਤੀ ਜਾਣੀ ਸੀ। ਪਰ ਦੋਸ਼ੀਆਂ ਵਿਚੋਂ ਇਕ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕਰ ਦਿਤੀ ਸੀ। ਇਹ ਅਪੀਲ ਸ਼ੁੱਕਰਵਾਰ ਨੂੰ ਖ਼ਾਰਜ ਹੋ ਗਈ। ਇਸ ਤੋਂ ਬਾਅਦ ਪ੍ਰਕਿਰਿਆ ਤਹਿਤ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਹੈ।
Photo
ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਅਦਾਲਤ 'ਚ ਦੋਸ਼ੀਆਂ ਵਿਰੁਧ ਮੌਤ ਦੀ ਸਜ਼ਾ 'ਤੇ ਫਿਰ ਤੋਂ ਡੈੱਥ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਕਾਨੂੰਨੀ ਪ੍ਰਕਿਰਿਆ ਮੁਤਾਬਕ ਰਹਿਮ ਦੀ ਅਪੀਲ ਰੱਦ ਹੋਣ ਤੋਂ ਬਾਅਦ 14 ਦਿਨਾਂ ਦਾ ਨੋਟਿਸ ਦਿਤਾ ਜਾਂਦਾ ਹੈ। ਅਜਿਹੇ 'ਚ ਦੋਸ਼ੀਆਂ ਕੋਲ ਫਾਂਸੀ ਤੋਂ ਬਚਣ ਦਾ ਅੰਤਿਮ ਰਸਤਾ ਵੀ ਬੰਦ ਹੋ ਗਿਆ ਹੈ।
Photo
ਉਥੇ ਹੀ ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਜਦੋਂ ਤਕ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾਂਦਾ, ਉਦੋਂ ਤਕ ਮੇਰੀ ਬੇਟੀ ਨੂੰ ਇਨਸਾਫ਼ ਨਹੀਂ ਮਿਲੇਗਾ। ਮੈਨੂੰ ਪਿਛਲੇ 7 ਸਾਲਾਂ ਤੋਂ ਤਰੀਕ ਦਰ ਤਰੀਕ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਥਾਂ ਨਿਰਭਿਆ ਦੇ ਦੋਸ਼ੀਆਂ ਦੇ ਮਨੁੱਖੀ ਅਧਿਕਾਰਾਂ ਨੂੰ ਵੇਖਿਆ ਜਾ ਰਿਹਾ ਹੈ ਜਦਕਿ ਸਾਡੇ ਮਨੁੱਖੀ ਅਧਿਕਾਰ ਕੋਈ ਨਹੀਂ ਵੇਖ ਰਿਹਾ।