
ਏਅਰਲਾਈਨ ਟਿਕਟ ਦੇ ਪੂਰੇ ਪੈਸੇ ਵਾਪਸ ਕਰੇਗੀ
SpiceJet News: ਸਪਾਈਸ ਜੈੱਟ ਦਾ ਇਕ ਮੁਸਾਫ਼ਰ ਮੰਗਲਵਾਰ ਨੂੰ ਇਕ ਜਹਾਜ਼ ਦੇ ਪਖਾਨੇ ’ਚ ਕਰੀਬ ਇਕ ਘੰਟੇ ਤਕ ਫਸਿਆ ਰਿਹਾ। ਘਟਨਾ ਦੇ ਸਮੇਂ ਜਹਾਜ਼ ਹਵਾ ਵਿਚ ਸੀ। ਸਪਾਈਸ ਜੈੱਟ ਦੇ ਬੁਲਾਰੇ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਮੁੰਬਈ-ਬੈਂਗਲੁਰੂ ਉਡਾਣ ਦੌਰਾਨ ਵਾਪਰੀ ਅਤੇ ਏਅਰਲਾਈਨ ਮੁਸਾਫ਼ਰ ਨੂੰ ਪੂਰੀ ਰਕਮ ਵਾਪਸ ਕਰ ਰਹੀ ਹੈ। ਏਅਰਲਾਈਨ ਨੇ ਮੁਸਾਫ਼ਰ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਵੀ ਮੰਗੀ। ਜਹਾਜ਼ ਦੇ ਬੈਂਗਲੁਰੂ ਹਵਾਈ ਅੱਡੇ ’ਤੇ ਉਤਰਨ ਤੋਂ ਤੁਰਤ ਬਾਅਦ ਇਕ ਇੰਜੀਨੀਅਰ ਨੇ ਪਖਾਨੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜਾ ਕੇ ਮੁਸਾਫ਼ਰ ਬਾਹਰ ਆ ਸਕਿਆ। ਮੁਸਾਫ਼ਰ ਬਾਰੇ ਵੇਰਵੇ ਤੁਰਤ ਉਪਲਬਧ ਨਹੀਂ ਹੋ ਸਕੇ।
ਬੁਲਾਰੇ ਨੇ ਕਿਹਾ, ‘‘16 ਜਨਵਰੀ ਨੂੰ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦਾ ਇਕ ਮੁਸਾਫ਼ਰ ਬਦਕਿਸਮਤੀ ਨਾਲ ਦਰਵਾਜ਼ੇ ਦੇ ਤਾਲੇ ’ਚ ਖਰਾਬੀ ਕਾਰਨ ਲਗਭਗ ਇਕ ਘੰਟੇ ਤਕ ਪਖਾਨੇ ’ਚ ਫਸਿਆ ਰਿਹਾ।’’ ਉਨ੍ਹਾਂ ਇਹ ਵੀ ਕਿਹਾ ਕਿ ਮੁਸਾਫ਼ਰ ਨੂੰ ਟਿਕਟ ਦੀ ਪੂਰੀ ਰਕਮ ਵਾਪਸ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੌਰਾਨ ਮੁਸਾਫ਼ਰਾਂ ਵਲੋਂ ਦਸੰਬਰ ’ਚ ਰੱਦ ਕੀਤੀਆਂ ਗਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਨਾ ਮਿਲਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ। ਕਈ ਮੁਸਾਫ਼ਰਾਂ ਨੇ ਸਪਾਈਸਜੈੱਟ ਤੋਂ ਰਿਫੰਡ ਪ੍ਰਾਪਤ ਕਰਨ ’ਚ ਦੇਰੀ ਬਾਰੇ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕੀਤੀ ਹੈ। ਡਿਜ਼ਾਈਨਰ ਸ਼ਿਵੀ ਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਹਾਲ ਹੀ ’ਚ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਵਾਰਾਣਸੀ ਤੋਂ ਬੁੱਕ ਕੀਤੀ ਗਈ ਸਪਾਈਸ ਜੈੱਟ ਦੀ ਉਡਾਣ ਦੀ ਟਿਕਟ ਦਾ ਰਿਫੰਡ ਅਜੇ ਨਹੀਂ ਮਿਲਿਆ ਹੈ, ਜਿਸ ਨੂੰ 27 ਦਸੰਬਰ 2023 ਨੂੰ ਰੱਦ ਕਰ ਦਿਤਾ ਗਿਆ ਸੀ।
ਉਨ੍ਹਾਂ ਨੇ 11 ਜਨਵਰੀ ਨੂੰ ਇਕ ਪੋਸਟ ’ਚ ਕਿਹਾ, ‘‘ਸਪਾਈਸ ਜੈੱਟ ਦੇ ਨਾਲ ਨਵੇਂ ਸਾਲ ਦੀ ਸਫਲ ਸ਼ੁਰੂਆਤ ਦੀ ਕਾਮਨਾ ਕਰਦਾ ਹਾਂ। ਵਾਰਾਣਸੀ ਹਵਾਈ ਅੱਡੇ ਤੋਂ ਸਪਾਈਸ ਜੈੱਟ ਦੀ ਮੇਰੀ ਉਡਾਣ ਨੂੰ ਰਾਤ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਲਗਭਗ 14 ਦਿਨ ਹੋ ਗਏ ਹਨ ਅਤੇ ਸਟਾਫ ਵਲੋਂ ਵੇਰਵੇ ਇਕੱਠੇ ਕਰਨ ਦੇ ਬਾਵਜੂਦ ਅਜੇ ਵੀ ਰਿਫੰਡ ਨਹੀਂ ਮਿਲਿਆ ਹੈ।’’
(For more Punjabi news apart from SpiceJet passenger gets stuck inside toilet during flight, stay tuned to Rozana Spokesman)