
#MeToo ਮੁਹਿੰਮ ਤਹਿਤ ਐਮ.ਜੇ. ਅਕਬਰ ਵਿਰੁੱਧ 20 ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਲਈ ਜ਼ਬਰਦਸਤ ਜ਼ੋਰ ਲਗਾ ਰਹੀਆਂ ਹਨ। ਭਾਜਪਾ ਵੱਲੋਂ ਸ਼ੁਰੂ ਕੀਤੀ #MainBhiChowkidar ਮੁਹਿੰਮ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਟਰੈਂਡ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਲਗਭਗ ਸਾਰੇ ਆਗੂਆਂ ਨੇ ਸੋਸ਼ਲ ਮੀਡੀਆ 'ਤੇ ਇਸ ਹੈਸ਼ਟੈਗ ਨਾਲ ਟਵੀਟ ਕੀਤਾ। ਉੱਥੇ ਹੀ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪੱਤਰਕਾਰ ਐਮ.ਜੇ. ਅਕਬਰ ਨੇ ਵੀ #MainBhiChowkidar ਨੂੰ ਟਵੀਟ ਕੀਤਾ ਪਰ ਇਹ ਟਵੀਟ ਉਨ੍ਹਾਂ ਲਈ ਮੁਸੀਬਤ ਬਣ ਗਿਆ। ਬਾਲੀਵੁਡ ਅਦਾਕਾਰਾ ਰੇਣੁਕਾ ਸ਼ਹਾਣੇ ਨੇ ਅਕਬਰ ਨੂੰ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ।
I am proud to join #MainBhiChowkidar movement. As a citizen who loves India, I shall do my best to defeat corruption, dirt, poverty & terrorism and help create a New India which is strong, secure & prosperous.
— M.J. Akbar (@mjakbar) March 16, 2019
ਦਰਅਸਲ ਭਾਜਪਾ ਆਗੂ ਐਮ.ਜੇ. ਅਕਬਰ ਨੇ ਆਪਣੇ ਟਵਿਟਰ ਅਕਾਉਂਟ ਤੋਂ ਟਵੀਟ ਕਰਦਿਆਂ ਲਿਖਿਆ ਸੀ, "ਮੈਨੂੰ #MainBhiChowkidar ਮੁਹਿੰਮ 'ਚ ਸ਼ਾਮਲ ਹੋਣ 'ਤੇ ਮਾਣ ਹੈ। ਇਕ ਨਾਗਰਿਕ ਹੋਣ ਕਰ ਕੇ ਮੈਂ ਭਾਰਤ ਨਾਲ ਪਿਆਰ ਕਰਦਾ ਹਾਂ। ਮੈਂ ਭ੍ਰਿਸ਼ਟਾਚਾਰ, ਗੰਦਗੀ, ਗਰੀਬੀ ਅਤੇ ਅਤਿਵਾਦ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਇਕ ਨਵਾਂ ਭਾਰਤ ਬਣਾਉਣ 'ਚ ਮਦਦ ਕਰਾਂਗਾ।"
Agar aap bhi chowkidaar hain toh koi mahila surakshit nahi #BesharmiKiHadd @IndiaMeToo https://t.co/CQyIBm0waL
— Renuka Shahane (@renukash) March 16, 2019
ਇਸ ਤੋਂ ਬਾਅਦ ਬਾਲੀਵੁਡ ਅਦਾਕਾਰਾ ਰੇਣੁਕਾ ਸ਼ਹਾਣੇ ਨੇ ਐਮ.ਜੇ. ਅਕਬਰ ਨੂੰ ਕਰੜੇ ਹੱਥੀਂ ਲੈਂਦਿਆਂ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਇਸ ਟਵੀਟ 'ਚ ਲਿਖਿਆ, "ਜੇ ਤੁਸੀ ਵੀ ਚੌਕੀਦਾਰ ਹੋ ਤਾਂ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ।" ਨਾਲ ਹੀ ਰੇਣੁਕਾ ਨੇ ਹੈਸ਼ਟੈਗ 'ਚ ਲਿਖਿਆ 'ਬੇਸ਼ਰਮੀ ਦੀ ਹੱਦ' ਅਤੇ ਇੰਡੀਆ ਮੀਟੂ ਨੂੰ ਟੈਗ ਕੀਤਾ।
ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਭਾਜਪਾ ਆਗੂ ਐਮ.ਜੇ. ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। #MeToo ਮੁਹਿੰਮ ਤਹਿਤ ਐਮ.ਜੇ. ਅਕਬਰ ਵਿਰੁੱਧ 20 ਮਹਿਲਾ ਪੱਤਰਕਾਰਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।