
ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ।
ਨਵੀਂ ਦਿੱਲੀ : ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਲਈ ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਸੰਸਦ ਵਿਚ ਰਾਸ਼ਟਰੀ ਰਾਜਧਾਨੀ ਖੇਤਰ ਸੋਧ ਬਿਲ (2021) ਨੂੰ ਪੇਸ਼ ਕੀਤਾ। ਇਸ ਦੇ ਬਿਲ ਮੁਤਾਬਕ ਦਿੱਲੀ ਵਿਚ ਉੱਪ ਰਾਜਪਾਲ ਦੇ ਅਧਿਕਾਰ ਵਧ ਜਾਣਗੇ। ਇਸ ਬਿਲ ਦੇ ਖ਼ਿਲਾਫ਼ ਦਿੱਲੀ ਵਿਚ ਆਮ ਆਦਮੀ ਪਾਰਟੀ ਬੁਧਵਾਰ ਨੂੰ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ, ਕਿਉਂਕਿ ‘ਆਪ’ ਪਾਰਟੀ ਦੀ ਯੋਜਨਾ ਕੇਂਦਰ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਾਉਣਾ ਹੈ।
Arvind Kejriwalਕੈਬਨਿਟ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੇ ਸਾਰੇ ਕੈਬਨਿਟ ਮੰਤਰੀ, ਵਿਧਾਇਕ , ‘ਆਪ’ ਸੰਸਦ ਮੈਂਬਰ ਅਤੇ ਕੌਂਸਲਰ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ’ਚ ਸੋਮਵਾਰ ਨੂੰ ਪੇਸ਼ ਕੀਤਾ ਗਿਆ ਕੇਂਦਰ ਸਰਕਾਰ ਦਾ ਬਿੱਲ ‘ਗ਼ੈਰ-ਸੰਵਿਧਾਨਕ’ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਲੋਕ ਸਭਾ ’ਚ ਨਵਾਂ ਬਿਲ ਲਿਆ ਕੇ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਨੂੰ ਬਹੁਤ ਘੱਟ ਕਰਨਾ ਚਾਹੁੰਦੀ ਹੈ।
Arvind Kejriwalਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਸ਼ਾਸਨ ਸੋਧ ਬਿਲ-2021 ਮੁਤਾਬਕ ਦਿੱਲੀ ਵਿਧਾਨ ਸਭਾ ’ਚ ਪਾਸ ਕਾਨੂੰਨ ਦੇ ਮੱਦੇਨਜ਼ਰ ਸਰਕਾਰ ਦਾ ਅਰਥ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਉੱਪ ਰਾਜਪਾਲ ਨਾਲ ਹੋਵੇਗਾ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਦਾ ਇਹ ਬਿੱਲ ਉੱਪ ਰਾਜਪਾਲ ਨੂੰ ਸ਼ਕਤੀਆਂ ਦੇ ਕੇ ਦਿੱਲੀ ਦੀ ਤਰੱਕੀ ’ਚ ਰੁਕਾਵਟ ਪੈਦਾ ਕਰ ਦੇਵੇਗਾ। ਇਹ ਬਿਲ ਲੋਕਤੰਤਰ ਅਤੇ ਸੰਵਿਧਾਨ ਦੇ ਵਿਰਧ ਹੋਵੇਗਾ। ਇਸ ਬਿਲ ਜ਼ਰੀਏ ਭਾਜਪਾ ਉੱਪ ਰਾਜਪਾਲ ਨਾਲ ਮਿਲ ਕੇ ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ਦੇ ਲੋਕਾਂ ’ਤੇ ਰਾਜ ਕਰਨ ਦੀ ਤਿਆਰੀ ਕਰ ਰਹੀ ਹੈ।