
97 ਕਰੋੜ ਵੋਟਰਾਂ ਵਿਚੋਂ 45.1 ਕਰੋੜ ਲੋਕਾਂ ਨੇ ਕੀਤਾ ਅਪਣੀ ਵੋਟ ਦਾ ਇਸਤੇਮਾਲ
Lok Sabha Elections 2024: ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਚਾਰ ਪੜਾਵਾਂ ਵਿਚ ਕੁਲ ਵੋਟਿੰਗ 66.95 ਫ਼ੀ ਸਦੀ ਦਰਜ ਕੀਤੀ ਗਈ। ਉਸ ਦਾ ਇਹ ਵੀ ਕਹਿਣਾ ਹੈ ਕਿ ਲਗਭਗ 97 ਕਰੋੜ ਰਜਿਸਟਰਡ ਵੋਟਰਾਂ ਵਿਚੋਂ 45.1 ਕਰੋੜ ਲੋਕਾਂ ਨੇ ਅਪਣੇ ਵੋਟ ਦਾ ਇਸਤੇਮਾਲ ਕੀਤਾ ਹੈ।
ਕਮਿਸ਼ਨ ਨੇ ਬਿਆਨ ਵਿਚ ਵੋਟਰਾਂ ਨੂੰ ਆਉਣ ਵਾਲੇ ਪੜਾਵਾਂ ਵਿਚ ਵੱਡੀ ਗਿਣਤੀ ਵਿਚ ਵੋਟ ਪਾਉਣ ਲਈ ਕਿਹਾ। ਉਨ੍ਹਾਂ ਅਨੁਸਾਰ, 13 ਮਈ ਨੂੰ ਹੋਏ ਚੌਥੇ ਪੜਾਅ ਵਿਚ ਅੱਪਡੇਟ ਮਤਦਾਨ 69.16 ਪ੍ਰਤੀਸ਼ਤ ਸੀ, ਜੋ 2019 ਦੀਆਂ ਸੰਸਦੀ ਚੋਣਾਂ ਦੇ ਉਸੇ ਪੜਾਅ ਨਾਲੋਂ 3.65 ਪ੍ਰਤੀਸ਼ਤ ਵੱਧ ਹੈ।
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਪਡੇਟ ਕੀਤਾ ਵੋਟਿੰਗ ਅੰਕੜਾ 65.68 ਫ਼ੀ ਸਦੀ ਰਿਹਾ। 2019 ਦੀਆਂ ਆਮ ਚੋਣਾਂ ਦੇ ਤੀਜੇ ਪੜਾਅ ’ਚ 68.4 ਫ਼ੀ ਸਦੀ ਵੋਟਿੰਗ ਹੋਈ ਸੀ। 26 ਅਪ੍ਰੈਲ ਨੂੰ ਚੋਣਾਂ ਦੇ ਦੂਜੇ ਪੜਾਅ ’ਚ 66.71 ਫ਼ੀ ਸਦੀ ਵੋਟਿੰਗ ਹੋਈ ਸੀ, ਜਦਕਿ 2019 ਦੇ ਦੂਜੇ ਪੜਾਅ ’ਚ 69.64 ਫ਼ੀ ਸਦੀ ਵੋਟਿੰਗ ਹੋਈ ਸੀ।
ਮੌਜੂਦਾ ਆਮ ਚੋਣਾਂ ਦੇ ਪਹਿਲੇ ਪੜਾਅ ਵਿਚ 66.14 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। 2019 ਦੀਆਂ ਚੋਣਾਂ ’ਚ ਪਹਿਲੇ ਪੜਾਅ ’ਚ 69.43 ਫ਼ੀ ਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਸੰਸਦੀ ਚੋਣਾਂ ਦੇ ਬਾਕੀ ਤਿੰਨ ਪੜਾਵਾਂ ਵਿਚ ਵੋਟਰਾਂ ਨੂੰ ਸੂਚਿਤ ਕਰਨ, ਪ੍ਰੇਰਿਤ ਕਰਨ ਅਤੇ ਸਹੂਲਤ ਦੇਣ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਕਦਮ ਚੁੱਕਣ ਲਈ ਕਿਹਾ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, “ਕਮਿਸ਼ਨ ਦਾ ਪੱਕਾ ਵਿਸ਼ਵਾਸ ਹੈ ਕਿ ਭਾਈਵਾਲੀ ਅਤੇ ਸਹਿਯੋਗ ਵੋਟਰ ਜਾਗਰੂਕਤਾ ਪ੍ਰੋਗਰਾਮ ਦੇ ਜ਼ਰੂਰੀ ਥੰਮ੍ਹ ਹਨ। ਇਹ ਦੇਖਣਾ ਸੱਚਮੁੱਚ ਖ਼ੁਸ਼ੀ ਦੀ ਗੱਲ ਹੈ ਕਿ ਵੱਖ-ਵੱਖ ਸੰਸਥਾਵਾਂ, ਪ੍ਰਭਾਵਸ਼ਾਲੀ ਵਿਅਕਤੀ ਅਤੇ ਮਸ਼ਹੂਰ ਹਸਤੀਆਂ ਕਮਿਸ਼ਨ ਦੀ ਬੇਨਤੀ ’ਤੇ ਉਤਸਾਹ ਨਾਲ ਕੰਮ ਕਰ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਚਾਰ ਪੜਾਵਾਂ ਵਿਚ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁਲ 379 ਸੀਟਾਂ ’ਤੇ ਵੋਟਿੰਗ ਹੋਈ।
(For more Punjabi news apart from 67 percent voting took place in four phases of Lok Sabha elections, stay tuned to Rozana Spokesman)