
Himachal Pradesh News : ਗਾਹਕ ਦੇ ਮੋਬਾਈਲ ਫੋਨ ਦੀ ਵਰਤੋਂ ਕਰ ਕੇ ਚੋਰੀ ਕੀਤੇ 11 ਕਰੋੜ ਰੁਪਏ
Shimla News in Punjabi : ਹਿਮਾਚਲ ਪ੍ਰਦੇਸ਼ ਰਾਜ ਸਹਿਕਾਰੀ ਬੈਂਕ ਦੇ ਸਰਵਰ ਨੂੰ ਹੈਕ ਕਰਨ ਅਤੇ 11.55 ਕਰੋੜ ਰੁਪਏ ਕਢਵਾਉਣ ਲਈ ਧੋਖਾਧੜੀ ਕਰਨ ਵਾਲਿਆਂ ਨੇ ਕਥਿਤ ਤੌਰ ’ਤੇ ਇਕ ਗਾਹਕ ਦੇ ਮੋਬਾਈਲ ਫੋਨ ਦੀ ਵਰਤੋਂ ਕੀਤੀ। ਇਹ ਪੈਸਾ 20 ਖਾਤਿਆਂ ’ਚ ਜਮ੍ਹਾਂ ਕਰਵਾਇਆ ਗਿਆ।
ਇਹ ਲੈਣ-ਦੇਣ 11-12 ਮਈ ਨੂੰ ਕੀਤਾ ਗਿਆ ਸੀ ਪਰ 13 ਮਈ ਨੂੰ ਛੁੱਟੀ ਹੋਣ ਕਾਰਨ ਬੈਂਕ ਅਧਿਕਾਰੀਆਂ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਲੈਣ-ਦੇਣ ਦੀ ਰੀਪੋਰਟ ਮਿਲਣ ਤੋਂ ਬਾਅਦ ਇਹ ਮਾਮਲਾ 14 ਮਈ ਨੂੰ ਸਾਹਮਣੇ ਆਇਆ। ਬੈਂਕ ਅਧਿਕਾਰੀਆਂ ਨੇ ਤੁਰਤ ਸ਼ਿਮਲਾ ਸਦਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਧੋਖਾਧੜੀ ਕਰਨ ਵਾਲਿਆਂ ਨੇ ਚੰਬਾ ਜ਼ਿਲ੍ਹੇ ’ਚ ਬੈਂਕ ਦੀ ਹਟਲੀ ਬ੍ਰਾਂਚ ’ਚ ਖਾਤਾ ਰੱਖਣ ਵਾਲੇ ਇਕ ਗਾਹਕ ਦੀ ਮੋਬਾਈਲ ਫੋਨ ਐਪਲੀਕੇਸ਼ਨ ਰਾਹੀਂ ਸਰਵਰ ਨੂੰ ਹੈਕ ਕਰ ਲਿਆ। ਇਹ ਮਾਮਲਾ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿਤਾ ਗਿਆ ਹੈ।
ਡੀ.ਆਈ.ਜੀ. (ਸਾਈਬਰ ਕ੍ਰਾਈਮ) ਮੋਹਿਤ ਚਾਵਲਾ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਸਾਈਬਰ ਸੁਰੱਖਿਆ ਮਾਮਲਿਆਂ ਨਾਲ ਨਜਿੱਠਣ ਲਈ ਨੋਡਲ ਏਜੰਸੀ ਸੀ.ਈ.ਆਰ.ਟੀ.-ਇਨ ਦੀ ਇਕ ਟੀਮ ਸਨਿਚਰਵਾਰ ਨੂੰ ਸ਼ਿਮਲਾ ਪਹੁੰਚੇਗੀ ਅਤੇ ਜਾਂਚ ਵਿਚ ਸ਼ਾਮਲ ਹੋਵੇਗੀ।
ਮਾਹਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੈਂਕ ਦੀ ਸੁਰੱਖਿਆ ਦੀ ਉਲੰਘਣਾ ਕਿਵੇਂ ਕੀਤੀ ਗਈ। ਬੈਂਕ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਗਾਹਕਾਂ ਦਾ ਪੈਸਾ ਸੁਰੱਖਿਅਤ ਸੀ ਅਤੇ ਸਾਰੇ ਫੰਡਾਂ ਦੇ ਲੈਣ-ਦੇਣ ਨੂੰ ਰੋਕ ਦਿਤਾ ਗਿਆ ਸੀ।
(For more news apart from Server of cooperative bank hacked in Himachal Pradesh News in Punjabi, stay tuned to Rozana Spokesman)