
ਕਿਹਾ- ਪ੍ਰਧਾਨ ਮੰਤਰੀ ਨੂੰ ਆਪਣੇ "ਦੋਸਤਾਂ" ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਸੁਣਾਈ ਦਿੰਦਾ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੰਨਾਂ ਸੇਵਾਵਾਂ ਵਿਚ ਭਰਤੀ ਲਈ ਨਵੀਂ 'ਅਗਨੀਪਥ' ਯੋਜਨਾ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਉਹਨਾਂ ਨੂੰਆਪਣੇ 'ਦੋਸਤਾਂ' ਦੀ ਆਵਾਜ਼ ਤੋਂ ਇਲਾਵਾ ਕੁਝ ਹੋਰ ਸੁਣਾਈ ਦੇ ਰਿਹਾ। ਦੂਜੇ ਪਾਸੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗ ਕੀਤੀ ਕਿ ਇਸ ਸਕੀਮ ਨੂੰ ਤੁਰੰਤ ਵਾਪਸ ਲਿਆ ਜਾਵੇ।
ਰਾਹੁਲ ਗਾਂਧੀ ਨੇ ਟਵੀਟ ਕੀਤਾ, “ਅਗਨੀਪਥ ਨੂੰ ਨੌਜਵਾਨਾਂ ਨੇ ਨਕਾਰਿਆ, ਖੇਤੀ ਕਾਨੂੰਨ ਨੂੰ ਕਿਸਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥਸ਼ਾਸਤਰੀਆਂ ਨੇ ਨਕਾਰਿਆ, ਜੀਐਸਟੀ ਨੂੰ ਵਪਾਰੀਆਂ ਨੇ ਨਕਾਰਿਆ। ਪ੍ਰਧਾਨ ਮੰਤਰੀ ਸਮਝ ਨਹੀਂ ਰਹੇ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ 'ਦੋਸਤਾਂ' ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਸੁਣਦਾ”।
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, "24 ਘੰਟੇ ਵੀ ਨਹੀਂ ਹੋਏ ਹਨ ਕਿ ਭਾਜਪਾ ਸਰਕਾਰ ਨੂੰ ਨਵੀਂ ਫੌਜ ਦੀ ਭਰਤੀ ਦੇ ਨਿਯਮਾਂ ਨੂੰ ਬਦਲਣਾ ਪਿਆ। ਮਤਲਬ ਇਹ ਸਕੀਮ ਜਲਦਬਾਜ਼ੀ ਵਿਚ ਨੌਜਵਾਨਾਂ 'ਤੇ ਥੋਪੀ ਜਾ ਰਹੀ ਹੈ।" ਉਹਨਾਂ ਕਿਹਾ, "ਨਰਿੰਦਰ ਮੋਦੀ ਜੀ, ਇਸ ਸਕੀਮ ਨੂੰ ਤੁਰੰਤ ਵਾਪਸ ਲਓ, ਹਵਾਈ ਸੈਨਾ ਦੀ ਰੁਕੀ ਹੋਈ ਭਰਤੀ ਵਿਚ ਨਿਯੁਕਤੀਆਂ ਕਰੋ ਅਤੇ ਨਤੀਜੇ ਦਿਓ। ਪਹਿਲਾਂ ਵਾਂਗ ਹੀ ਫੌਜ ਦੀ ਭਰਤੀ ਕਰੋ।"
ਜ਼ਿਕਰਯੋਗ ਹੈ ਕਿ ਸਰਕਾਰ ਨੇ ਦਹਾਕਿਆਂ ਪੁਰਾਣੀ ਰੱਖਿਆ ਭਰਤੀ ਪ੍ਰਕਿਰਿਆ 'ਚ ਬਦਲਾਅ ਕਰਦੇ ਹੋਏ ਤਿੰਨਾਂ ਸੇਵਾਵਾਂ 'ਚ ਸਿਪਾਹੀਆਂ ਦੀ ਭਰਤੀ ਲਈ 'ਅਗਨੀਪਥ' ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਤਹਿਤ ਸੈਨਿਕਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਠੇਕੇ 'ਤੇ ਭਰਤੀ ਕੀਤਾ ਜਾਵੇਗਾ।